ਐਜ਼ੌਲ/ਸਿਲਚਰ, 18 ਅਕਤੂਬਰ
ਅਸਾਮ ਤੇ ਮਿਜ਼ੋਰਮ ਦੀ ਸਰਹੱਦ ’ਤੇ ਦੋਵਾਂ ਸੂਬਿਆਂ ਦੇ ਲੋਕਾਂ ਵਿਚਾਲੇ ਹੋਏ ਹਿੰਸਕ ਟਕਰਾਅ ਵਿਚ ਕਈ ਜਣੇ ਜ਼ਖ਼ਮੀ ਹੋ ਗਏ ਹਨ। ਇਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਤਣਾਅ ਦਾ ਮਾਹੌਲ ਹੈ। ਹਾਲਾਂਕਿ ਸਥਿਤੀ ਹੁਣ ਕਾਬੂ ਹੇਠ ਹੈ। ਟਕਰਾਅ ਮਿਜ਼ੋਰਮ ਦੇ ਕੋਲਾਸਬਿ ਤੇ ਅਸਾਮ ਦੇ ਕਾਚਰ ਜ਼ਿਲ੍ਹਿਆਂ ਦੇ ਲੋਕਾਂ ਵਿਚਾਲੇ ਹੋਇਆ। ਸਰਕਾਰ ਨੇ ਸਰਹੱਦ ਉਤੇ ਵਾਧੂ ਸੁਰੱਖਿਆ ਕਰਮੀ ਤਾਇਨਾਤ ਕੀਤੇ ਹਨ। ਦੋਵਾਂ ਸੂਬਿਆਂ ਨੇ ਇਹ ਮਾਮਲਾ ਕੇਂਦਰ ਸਰਕਾਰ ਦੇ ਧਿਆਨ ਵਿਚ ਲਿਆਂਦਾ ਹੈ। ਅਧਿਕਾਰੀਆਂ ਮੁਤਾਬਕ ਘਟਨਾ ਦਾ ਕਾਰਨ ਸ਼ਨਿਚਰਵਾਰ ਨੂੰ ਢਾਹ ਦਿੱਤੀ ਗਈ ਇਕ ਉਸਾਰੀ ਹੋ ਸਕਦੀ ਹੈ। ਇਸ ਨੂੰ ਸਥਾਨਕ ਵਾਲੰਟੀਅਰ ਵਰਤ ਰਹੇ ਸਨ ਜੋ ਕਿ ਅੰਤਰ-ਰਾਜੀ ਆਵਾਜਾਈ ਉਤੇ ਨਿਗਰਾਨੀ ਰੱਖ ਰਹੇ ਸਨ। ਅਸਾਮ ਦੇ ਜੰਗਲਾਤ ਮੰਤਰੀ ਪਰੀਮਲ ਸ਼ੁਕਲਾ ਬੈਦਿਆ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਇੱਥੇ ਹਰ ਸਾਲ ਹੁੰਦੀਆਂ ਹਨ ਕਿਉਂਕਿ ਦੋਵਾਂ ਪਾਸਿਆਂ ਦੇ ਲੋਕ ਨਾਜਾਇਜ਼ ਢੰਗ ਨਾਲ ਦਰੱਖਤ ਕੱਟਦੇ ਹਨ। ਸਿਲਚਰ ਦੀ ਸਾਬਕਾ ਸੰਸਦ ਮੈਂਬਰ ਕਾਂਗਰਸ ਦੀ ਸੁਸ਼ਮਿਤਾ ਦੇਵ ਨੇ ਕਿਹਾ ਕਿ ਉਹ ਇਲਾਕੇ ਦੇ ਦੌਰੇ ਉਤੇ ਗਈ ਸੀ ਪਰ ਕੋਈ ਪ੍ਰਸ਼ਾਸਕੀ ਅਧਿਕਾਰੀ ਉੱਥੇ ਮੌਜੂਦ ਨਹੀਂ ਸੀ। ਮਿਜ਼ੋਰਮ ਦੇ ਇਕ ਮੰਤਰੀ ਤੇ ਵਿਧਾਇਕ ਨੇ ਕਿਹਾ ਕਿ ਜ਼ਿਆਦਾਤਰ ਗ਼ੈਰਕਾਨੂੰਨੀ ਬੰਗਲਾਦੇਸ਼ੀ ਆਵਾਸੀ ਸਰਹੱਦੀ ਇਲਾਕਿਆਂ ਵਿਚ ਰਹਿੰਦੇ ਹਨ ਤੇ ਸੂਬਾ ਇਨ੍ਹਾਂ ਦੇ ਦੂਜੇ ਪਾਸੇ ਦਾਖ਼ਲ ਹੋਣ ਉਤੇ ਨਿਗਰਾਨੀ ਰੱਖਦਾ ਹੈ। -ਪੀਟੀਆਈ