ਨਵੀਂ ਦਿੱਲੀ/ਇਸਲਾਮਾਬਾਦ/ਜੰਮੂ, 2 ਜੁਲਾਈ
ਮੁੱਖ ਅੰਸ਼
- ਭਾਰਤ ਨੇ ਪਾਕਿਸਤਾਨ ਕੋਲ ਇਤਰਾਜ਼ ਜਤਾ ਕੇ ਜਾਂਚ ਤੇ ਕਾਰਵਾਈ ਮੰਗੀ
- ਪਾਕਿਸਤਾਨ ਵੱਲੋਂ ਭਾਰਤ ਦੇ ਦਾਅਵੇ ਭੰਡੀ ਪ੍ਰਚਾਰ ਕਰਾਰ
-
ਜੰਮੂ ’ਚ ਬੀਐੱਸਐੱਫ ਨੇ ਡਰੋਨ ਦੀ ਘੁਸਪੈਠ ਕੀਤੀ ਨਾਕਾਮ
ਇਸਲਾਮਾਬਾਦ ਸਥਿਤ ਭਾਰਤੀ ਹਾਈ ਕਮਿਸ਼ਨ ਦੀ ਇਮਾਰਤ ਉੱਪਰ ਲੰਘੇ ਹਫ਼ਤੇ ਇੱਕ ਡਰੋਨ ਦੇਖਿਆ ਗਿਆ ਸੀ ਜਿਸ ਤੋਂ ਬਾਅਦ ਭਾਰਤ ਨੇ ਇਸ ਮਾਮਲੇ ’ਚ ਪਾਕਿਸਤਾਨ ਸਾਹਮਣੇ ਸਖਤ ਇਤਰਾਜ਼ ਦਰਜ ਕਰਵਾਇਆ ਹੈ। ਉੱਧਰ ਪਾਕਿਸਤਾਨ ਨੇ ਭਾਰਤ ਦੇ ਡਰੋਨ ਸਬੰਧੀ ਦਾਅਵੇ ਨੂੰ ਖਾਰਜ ਕਰ ਦਿੱਤਾ ਹੈ। ਇਸੇ ਦੌਰਾਨ ’ਚ ਜੰਮੂ ’ਚ ਬੀਐੱਸਐੱਫ ਨੇ ਕੌਮਾਂਤਰੀ ਸਰਹੱਦ ਤੋਂ ਭਾਰਤੀ ਇਲਾਕੇ ’ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਇੱਕ ਸ਼ੱਕੀ ਪਾਕਿਸਤਾਨੀ ਨਿਗਰਾਨੀ ਡਰੋਨ ’ਤੇ ਗੋਲੀਆਂ ਚਲਾ ਕੇ ਉਸ ਨੂੰ ਵਾਪਸ ਜਾਣ ਲਈ ਮਜਬੂਰ ਕਰ ਦਿੱਤਾ।
ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਇਸਲਾਮਾਬਾਦ ਸਥਿਤ ਭਾਰਤੀ ਹਾਈ ਕਮਿਸ਼ਨ ਕੰਪਲੈਕਸ ’ਤੇ ਲੰਘੇ ਹਫ਼ਤੇ ਇੱਕ ਡਰੋਨ ਦੇਖਿਆ ਗਿਆ ਸੀ ਅਤੇ ਪਾਕਿਸਤਾਨ ਨੂੰ ਇਸ ਘਟਨਾ ਤੇ ਸੁਰੱਖਿਆ ਸਬੰਧੀ ਅਣਗਹਿਲੀ ਦੀ ਜਾਂਚ ਕਰਵਾਉਣ ਲਈ ਕਿਹਾ ਹੈ। ਭਾਰਤੀ ਮਿਸ਼ਨ ਨੇ ਇਸ ਘਟਨਾ ਨੂੰ ਲੈ ਕੇ ਪਾਕਿਸਤਾਨ ਅੱਗੇ ਸਖਤ ਰੋਸ ਵੀ ਜ਼ਾਹਿਰ ਕੀਤਾ ਹੈ। ਜੰਮੂ ’ਚ ਏਅਰ ਫੋਰਸ ਸਟੇਸ਼ਨ ’ਤੇ 27 ਜੂਨ ਨੂੰ ਡਰੋਨਾਂ ਦੀ ਮਦਦ ਨਾਲ ਕੀਤੇ ਗਏ ਧਮਾਕਿਆਂ ਦੀ ਘਟਨਾ ਤੋਂ ਬਾਅਦ ਇਸ ਘਟਨਾ ਨੇ ਸੁਰੱਖਿਆ ਸਬੰਧੀ ਚਿੰਤਾਵਾਂ ਵਧਾ ਦਿੱਤੀਆਂ ਹਨ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਪੱਤਰਕਾਰਾਂ ਨੂੰ ਦੱਸਿਆ, ‘ਇਸਲਾਮਾਬਾਦ ਸਥਿਤ ਭਾਰਤੀ ਹਾਈ ਕਮਿਸ਼ਨ ’ਤੇ 26 ਜੂਨ ਨੂੰ ਇੱਕ ਡਰੋਨ ਮੰਡਰਾਉਂਦਾ ਦੇਖਿਆ ਗਿਆ ਹੈ। ਇਸ ਮਸਲਾ ਅਧਿਕਾਰਤ ਤੌਰ ’ਤੇ ਪਾਕਿਸਤਾਨ ਸਰਕਾਰ ਕੋਲ ਚੁੱਕਿਆ ਗਿਆ ਹੈ। ਸਾਨੂੰ ਆਸ ਹੈ ਕਿ ਪਾਕਿਸਤਾਨ ਇਸ ਘਟਨਾ ਅਤੇ ਸੁਰੱਖਿਆ ਸਬੰਧੀ ਹੋਈ ਅਣਗਹਿਲੀ ਦੀ ਜਾਂਚ ਕਰੇਗਾ।’ ਇਹ ਵੀ ਦੱਸਿਆ ਗਿਆ ਹੈ ਕਿ ਜਦੋਂ ਕੰਪਲੈਕਸ ’ਤੇ ਡਰੋਨ ਦੇਖਿਆ ਗਿਆ ਤਾਂ ਮਿਸ਼ਨ ’ਚ ਇੱਕ ਸਮਾਗਮ ਚੱਲ ਰਿਹਾ ਸੀ। ਜੰਮੂ ਏਅਰ ਬੇਸ ’ਤੇ ਹੋਏ ਡਰੋਨ ਹਮਲੇ ਬਾਰੇ ਬਾਗਚੀ ਨੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਸ ਮਾਮਲੇ ’ਚ ਜਾਂਚ ਚੱਲ ਰਹੀ ਹੈ।
ਉਧਰ ਪਾਕਿਸਤਾਨ ਨੇ ਭਾਰਤ ਦੇ ਇਸ ਦਾਅਵੇ ਨੂੰ ਖਾਰਜ ਕਰ ਦਿੱਤਾ ਹੈ ਕਿ ਇਸਲਾਮਾਬਾਦ ਸਥਿਤ ਭਾਰਤੀ ਹਾਈ ਕਮਿਸ਼ਨ ਕੰਪਲੈਕਸ ਉੱਪਰ ਪਿਛਲੇ ਹਫ਼ਤੇ ਇੱਕ ਡਰੋਨ ਉਡਦਾ ਦੇਖਿਆ ਗਿਆ ਸੀ। ਇਸਲਾਮਾਬਾਦ ਨੇ ਕਿਹਾ ਕਿ ਦਾਅਵੇ ਦੀ ਹਮਾਇਤ ’ਚ ਕੋਈ ਸਬੂਤ ਸਾਂਝਾ ਨਹੀਂ ਕੀਤਾ ਗਿਆ। ਪਾਕਿਸਤਾਨ ਦੇ ਵਿਦੇਸ਼ ਵਿਭਾਗ ਦੇ ਬੁਲਾਰੇ ਜ਼ਾਹਿਦ ਹਾਫੀਜ਼ ਚੌਧਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਰੋਨ ਸਬੰਧੀ ਦਾਅਵਿਆਂ ਨੂੰ ‘ਭਾਰਤੀ ਭੰਡੀ ਪ੍ਰਚਾਰ’ ਕਰਾਰ ਦਿੱਤਾ। ਉਨ੍ਹਾਂ ਕਿਹਾ, ‘ਅਸੀਂ ਭਾਰਤੀ ਵਿਦੇਸ਼ ਮੰਤਰਾਲੇ ਦਾ ਬਿਆਨ ਤੇ ਭਾਰਤੀ ਮੀਡੀਆ ਦੇ ਇੱਕ ਤਬਕੇ ’ਚ ਆਈਆਂ ਖ਼ਬਰਾਂ ਦੇਖੀਆਂ ਹਨ ਜਿਨ੍ਹਾਂ ’ਚ ਇਸਲਾਮਾਬਾਦ ਸਥਿਤ ਭਾਰਤੀ ਹਾਈ ਕਮਿਸ਼ਨ ਕੰਪਲੈਕਸ ਉੱਪਰ ਡਰੋਨ ਉਡਦਾ ਦੇਖੇ ਜਾਣ ਦਾ ਦੋਸ਼ ਲਾਇਆ ਗਿਆ ਹੈ।’ ਉਨ੍ਹਾਂ ਕਿਹਾ ਕਿ ਇਨ੍ਹਾਂ ਦਾਅਵਿਆਂ ਦਾ ਕੋਈ ਆਧਾਰ ਨਹੀਂ ਹੈ ਅਤੇ ਦੋਸ਼ਾਂ ਨੂੰ ਸਾਬਿਤ ਕਰਨ ਲਈ ਪਾਕਿਸਤਾਨ ਨਾਲ ਕੋਈ ਸਬੂਤ ਸਾਂਝਾ ਨਹੀਂ ਕੀਤਾ ਗਿਆ ਹੈ। ਇਸੇ ਦੌਰਾਨ ਏਅਰ ਚੀਫ ਮਾਰਸ਼ਲ ਆਰਕੇਐੱਸ ਭਦੌੜੀਆ ਨੇ ਅੱਜ ਕਿਹਾ ਕਿ ਜੰਮੂ ਏਅਰ ਬੇਸ ’ਤੋ ਹੋਇਆ ਡਰੋਨ ਹਮਲਾ ਇੱਕ ਅਤਿਵਾਦੀ ਕਾਰਵਾਈ ਹੈ ਜਿਸ ਦਾ ਮਕਸਦ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣਾ ਸੀ।
ਇਸੇ ਦੌਰਾਨ ਸੀਮਾ ਸੁਰੱਖਿਆ ਬਲ (ਬੀਐੱਸਐੱਫ) ਨੇ ਕੌਮਾਂਤਰੀ ਸਰਹੱਦ ਤੋਂ ਭਾਰਤੀ ਇਲਾਕੇ ’ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਇੱਕ ਸ਼ੱਕੀ ਪਾਕਿਸਤਾਨੀ ਨਿਗਰਾਨੀ ਡਰੋਨ ’ਤੇ ਅੱਜ ਗੋਲੀਆਂ ਚਲਾਈਆਂ। ਅਧਿਕਾਰੀਆਂ ਨੇ ਕਿਹਾ ਕਿ ਬੀਐੱਸਐੱਫ ਦੇ ਜਵਾਨਾਂ ਨੇ ਤੜਕੇ 4.25 ਵਜੇ ਜੰਮੂ ਦੇ ਬਾਹਰੀ ਇਲਾਕੇ ਸਥਿਤ ਅਰਨੀਆ ਸੈਕਟਰ ’ਚ ਸ਼ੱਕੀ ਡਰੋਨ ਦੇਖਿਆ। ਇਸ ਨੂੰ ਹੇਠਾਂ ਸੁੱਟਣ ਲਈ ਬੀਐੱਸਐੱਫ ਦੇ ਜਵਾਨਾਂ ਨੇ ਗੋਲੀਆਂ ਚਲਾਈਆਂ ਜਿਸ ਮਗਰੋਂ ਡਰੋਨ ਪਾਕਿਸਤਾਨ ਵੱਲ ਮੁੜ ਗਿਆ। ਬੀਐੱਸਐੱਫ ਦੇ ਬੁਲਾਰੇ ਨੇ ਦੱਸਿਆ, ‘ਬੀਐੱਸਐੱਫ ਦੇ ਚੌਕਸ ਜਵਾਨਾਂ ਨੇ ਅੱਜ ਅਰਨੀਆ ਸੈਕਟਰ ’ਚ ਕੌਮਾਂਤਰੀ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਪਾਕਿਸਤਾਨ ਦੇ ਇੱਕ ਡਰੋਨ ’ਤੇ ਗੋਲੀਬਾਰੀ ਕੀਤੀ। ਗੋਲੀਬਾਰੀ ਕਾਰਨ ਡਰੋਨ ਤੁਰੰਤ ਵਾਪਸ ਚਲਾ ਗਿਆ।’ ਉਨ੍ਹਾਂ ਦੱਸਿਆ ਕਿ ਡਰੋਨ ਇਲਾਕੇ ’ਚ ਨਿਗਰਾਨੀ ਲਈ ਆਇਆ ਸੀ। ਜੰਮੂ ਕਸ਼ਮੀਰ ਦੇ ਡੀਜੀਪੀ ਦਿਲਬਾਗ ਸਿੰਘ ਨੇ ਕਿਹਾ ਕਿ ਯੂਟੀ ’ਚ ਡਰੋਨ ਦੀ ਮਦਦ ਨਾਲ ਹਥਿਆਰ, ਧਮਾਕਾਖੇਜ਼ ਸਮੱਗਰੀ ਤੇ ਨਸ਼ੀਲੇ ਪਦਾਰਥ ਸੁੱਟਣ ਪਿੱਛੇ ਪਾਕਿਸਤਾਨ ਦੀਆਂ ਅਤਿਵਾਦੀ ਜਥੇਬੰਦੀਆਂ ਲਸ਼ਕਰ-ਏ-ਤਇਬਾ ਤੇ ਜੈਸ਼-ਏ-ਮੁਹੰਮਦ ਦਾ ਹੱਥ ਹੈ। -ਪੀਟੀਆਈ
ਮੁਕਾਬਲੇ ਵਿੱਚ ਪੰਜ ਅਤਿਵਾਦੀ ਹਲਾਕ; ਜਵਾਨ ਸ਼ਹੀਦ
ਸ੍ਰੀਨਗਰ: ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ’ਚ ਅੱਜ ਸੁਰੱਖਿਆ ਬਲਾਂ ਤੇ ਅਤਿਵਾਦੀਆਂ ਵਿਚਾਲੇ ਹੋਏ ਮੁਕਾਬਲੇ ’ਚ ਲਸ਼ਕਰ-ਏ-ਤਇਬਾ ਦੇ ਪੰਜ ਅਤਿਵਾਦੀ ਮਾਰੇ ਗਏ ਤੇ ਸੈਨਾ ਦਾ ਇੱਕ ਜਵਾਨ ਵੀ ਸ਼ਹੀਦ ਹੋ ਗਿਆ। ਪੁਲੀਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਅਤਿਵਾਦੀਆਂ ਦੀ ਮੌਜੂਦਗੀ ਦੀ ਜਾਣਕਾਰੀ ਮਿਲਣ ਤੋਂ ਬਾਅਦ ਸੁਰੱਖਿਆ ਬਲਾਂ ਨੇ ਪੁਲਵਾਮਾ ਜ਼ਿਲ੍ਹੇ ਦੇ ਰਾਜਪੁਰਾ ਹਾਜਿਨ ਪਿੰਡ ’ਚ ਘੇਰਾਬੰਦੀ ਕਰਕੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਸੀ। ਅਤਿਵਾਦੀਆਂ ਦੇ ਸੁਰੱਖਿਆ ਬਲਾਂ ’ਤੇ ਗੋਲੀਆਂ ਚਲਾਉਣ ਤੋਂ ਬਾਅਦ ਇਹ ਮੁਹਿੰਮ ਮੁਕਾਬਲੇ ’ਚ ਤਬਦੀਲ ਹੋ ਗਈ। ਸੁਰੱਖਿਆ ਬਲਾਂ ਨੇ ਵੀ ਗੋਲੀਬਾਰੀ ਦਾ ਢੁੱਕਵਾਂ ਜਵਾਬ ਦਿੱਤਾ। ਸ਼ੁਰੂਆਤੀ ਗੋਲੀਬਾਰੀ ’ਚ ਇੱਕ ਜਵਾਨ ਜ਼ਖ਼ਮੀ ਹੋ ਗਿਆ, ਜਿਸ ਦੀ ਹਸਪਤਾਲ ’ਚ ਇਲਾਜ ਦੌਰਾਨ ਮੌਤ ਹੋ ਗਈ। ਮੌਕੇ ’ਤੇ ਵਾਧੂ ਫੋਰਸ ਭੇਜੀ ਗਈ ਅਤੇ ਮੁਕਾਬਲੇ ’ਚ ਪੰਜ ਅਤਿਵਾਦੀ ਮਾਰੇ ਗਏ। ਮਾਰੇ ਗਏ ਅਤਿਵਾਦੀਆਂ ਦਾ ਸਬੰਧ ਲਸ਼ਕਰ-ਏ-ਤਇਬਾ ਨਾਲ ਸੀ। -ਪੀਟੀਆਈ