ਪੱਤਰ ਪ੍ਰੇਰਕ
ਲਹਿਰਾਗਾਗਾ, 29 ਜਨਵਰੀ
ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਯੋਜਨਾ ਬੋਰਡ ਦੀ ਉਪ ਚੇਅਰਪਰਸਨ ਬੀਬੀ ਰਾਜਿੰਦਰ ਕੌਰ ਭੱਠਲ ਨੇ ਕਿਸਾਨਾਂ ਵੱਲੋਂ ਦਿੱਲੀ ’ਚ ਕੀਤੇ ਜਾ ਰਹੇ ਸੰਘਰਸ਼ ਦੀ ਹਮਾਇਤ ਕਰਦਿਆਂ ਕਿਹਾ ਕਿ ਭਾਜਪਾ ਅਤੇ ਸਰਕਾਰੀ ਏਜੰਸੀਆਂ ਦੀ ਸਾਜਿਸ਼ ’ਤੇ ਕੁਝ ਵਿਅਕਤੀਆਂ ਨੇ ਲਾਲ ਕਿਲੇ ’ਚ ਵੜ ਕੇ ਕਿਸਾਨ ਸੰਘਰਸ਼ ਨੂੰ ਢਾਹ ਲਾਉਣ ਦੀ ਕੋਸਿਸ਼ ਕੀਤੀ ਪਰ ਛੇਤੀ ਹੀ ਸਾਜਿਸ਼ ਬੇਨਿਕਾਬ ਹੋਣ ਕਰ ਕੇ ਦੇਸ਼ ਦੇ ਲੋਕਾਂ ਦਾ ਭਾਰੀ ਸਮਰਥਨ ਮਿਲ ਰਿਹਾ ਹੈ ਅਤੇ ਮੋਦੀ ਸਰਕਾਰ ਨੂੰ ਖੇਤੀ ਵਿਰੋਧੀ ਕਾਨੂੰਨ ਵਾਪਸ ਲੈਣੇ ਹੀ ਪੈਣਗੇ। ਉਹ ਅੱਜ ਇੱਥੇ ਨਗਰ ਕੌਂਸਲ ਚੋਣਾਂ ਸਬੰਧੀ ਉਮੀਦਵਾਰਾਂ ਅਤੇ ਪਾਰਟੀ ਵਰਕਰਾਂ ਨਾਲ ਮੀਟਿੰਗ ਕਰਨ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ।
ਇਸ ਦੌਰਾਨ ਉਮੀਦਵਾਰਾਂ ਤੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਬੀਬੀ ਭੱਠਲ ਨੇ ਕਿਹਾ ਕਿ ਇਹ ਚੋਣਾਂ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਨੀਂਹ ਪੱਥਰ ਸਾਬਿਤ ਹੋਣ ਜਾ ਰਹੀਆਂ ਹਨ। ਦੂਜੀਆਂ ਪਾਰਟੀਆਂ ਖਿੰਡ-ਪੁੰਡ ਚੁੱਕੀਆਂ ਹਨ, ਇਸ ਕਰ ਕੇ ਸੂਬੇ ’ਚ ਅਗਲੀ ਸਰਕਾਰ ਵੀ ਕਾਂਗਰਸ ਪਾਰਟੀ ਦੀ ਹੀ ਹੋਵੇਗੀ। ਉਨ੍ਹਾਂ ਕਿਹਾ ਕਿ ਉਹ ਬੇਸ਼ੱਕ ਪਿਛਲੀ ਚੋਣ ਨਹੀਂ ਜਿੱਤ ਸਕੇ ਸਨ ਪਰ ਉਨ੍ਹਾਂ ਨੇ ਲਹਿਰਾਗਾਗਾ ਨੂੰ ਵਿਕਾਸ ਦੀਆਂ ਬੁਲੰਦੀਆਂ ’ਤੇ ਲਿਆ ਖੜ੍ਹਾ ਕਰ ਦਿੱਤਾ ਹੈ ਤੇ ਹੁਣ ਵੀ ਉਨ੍ਹਾਂ ਦਾ ਸੁਫ਼ਨਾ ਹੈ ਕਿ ਉਹ ਅਜਿਹਾ ਲਹਿਰਾਗਾਗਾ ਸਿਰਜਣ ਜੋ ਦੂਜੇ ਹਲਕਿਆਂ ਦੇ ਲੋਕਾਂ ਲਈ ਮਿਸਾਲ ਬਣੇ। ਉਨ੍ਹਾਂ ਕਿਹਾ ਕਿ ਚੋਣਾਂ ਵਿੱਚ ਪਾਰਟੀ ਨੇ ਜੋ ਵੀ ਉਮੀਦਵਾਰ ਖੜ੍ਹਾ ਕੀਤਾ ਹੈ ਉਸ ਨੂੰ ਬਿਨਾ ਵਿਰੋਧ ਤੋਂ ਵੋਟਾਂ ਪਾਉਣੀਆਂ ਅਤੇ ਪੁਆਉਣੀਆਂ ਹਨ ਤਾਂ ਜੋ 15 ਦੀਆਂ 15 ਸੀਟਾਂ ਜਿੱਤ ਕੇ ਕਾਂਗਰਸ ਨਗਰ ਕੌਂਸਲ ਬਣਾਏ ਅਤੇ ਦੁਕਾਨਦਾਰ, ਕਾਰੋਬਾਰੀਆਂ ਅਤੇ ਸ਼ਹਿਰ ਵਾਸੀਆਂ ਨੂੰ ਫਿਰ ਤੋਂ ਤਰੱਕੀ ਦੇ ਰਾਹ ’ਤੇ ਤੋਰਿਆ ਜਾਵੇਗਾ।
ਇਸ ਮੌਕੇ ਓਐੱਸਡੀ ਰਵਿੰਦਰ ਸਿੰਘ ਟੁਰਨਾ, ਕਾਂਗਰਸ ਦੇ ਸੂਬਾ ਸਕੱਤਰ ਸੋਮਨਾਥ ਸਿੰਗਲਾ, ਮਾਰਕੀਟ ਕਮੇਟੀ ਦੇ ਚੇਅਰਮੈਨ ਜਸਵਿੰਦਰ ਸਿੰਘ ਰਿੰਪੀ ਆਦਿ ਆਗੂ ਹਾਜ਼ਰ ਸਨ।