ਨਵੀਂ ਦਿੱਲੀ: ਭਾਰਤੀ ਜਲ ਸੈਨਾ ਨੇ ਅੱਜ ਅਰਬ ਸਾਗਰ ਵਿੱਚ ਬ੍ਰਹਮੋਸ ਸੁਪਰਸੌਨਿਕ ਕਰੂਜ਼ ਮਿਜ਼ਾਈਲ ਦੀ ਸਫ਼ਲ ਅਜ਼ਮਾਇਸ਼ ਕੀਤੀ। ਇਹ ਮਿਜ਼ਾਈਲ ਸਮੁੰਦਰੀ ਜਹਾਜ਼ ਆਈਐੱਨਐੱਸ ਚੇਨੱਈ ਤੋਂ ਦਾਗੀ ਗਈ ਅਤੇ ਇਸ ਨੇ ਆਪਣੇ ਟੀਚੇ ’ਤੇ ਐਨ ਸਹੀ ਨਿਸ਼ਾਨਾ ਲਾਇਆ।
ਰੱਖਿਆ ਮੰਤਰਾਲੇ ਵਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ, ‘‘ਬ੍ਰਹਮੋਸ ‘ਪ੍ਰਮੁੱਖ ਹਮਲਾਵਰ ਹਥਿਆਰ’ ਦੇ ਰੂਪ ਵਿੱਚ ਲੰਬੀ ਦੂਰੀ ’ਤੇ ਸਥਿਤ ਟੀਚੇ ਊੱਪਰ ਸਹੀ ਨਿਸ਼ਾਨਾ ਲਾਊਣਾ ਯਕੀਨੀ ਬਣਾਏਗੀ, ਇਸ ਨਾਲ ਇਹ ਭਾਰਤੀ ਜਲ ਸੈਨਾ ਦਾ ਇੱਕ ਹੋਰ ਘਾਤਕ ਪਲੇਟਫਾਰਮ ਬਣ ਜਾਵੇਗਾ।’’ ਭਾਰਤ ਅਤੇ ਰੂਸ ਦਾ ਸਾਂਝਾ ਊੱਦਮ ਬ੍ਰਹਮੋਸ ਐਰੋਸਪੇਸ ਵਲੋਂ ਸੁਪਰਸੌਨਿਕ ਕਰੂਜ਼ ਮਿਜ਼ਾਈਲ ਬਣਾਈ ਗਈ, ਜਿਸ ਨੂੰ ਪਣਡੁੱਬੀ, ਸਮੁੰਦਰੀ ਜਹਾਜ਼, ਹਵਾਈ ਜਹਾਜ਼ ਜਾਂ ਮੈਦਾਨੀ ਪਲੇਟਫਾਰਮ ਤੋਂ ਵੀ ਲਾਂਚ ਕੀਤਾ ਜਾ ਸਕਦਾ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਰੱਖਿਆ ਖੋਜ ਅਤੇ ਵਿਕਾਸ ਸੰਸਥਾ (ਡੀਆਰਡੀਓ), ਬ੍ਰਹਿਮੋਸ ਐਰੋਸਪੇਸ ਅਤੇ ਭਾਰਤੀ ਜਲ ਸੈਨਾ ਨੂੰ ਮਿਜ਼ਾਈਲ ਦੀ ਸਫ਼ਲ ਅਜ਼ਮਾਇਸ਼ ਦੀ ਵਧਾਈ ਦਿੱਤੀ। ਡੀਆਰਡੀਓ ਦੇ ਚੇਅਰਮੈਨ ਜੀ. ਸਤੀਸ਼ ਰੈਡੀ ਨੇ ਮਿਜ਼ਾਈਲ ਦੀ ਅਜ਼ਮਾਇਸ਼ ਨਾਲ ਜੁੜੇ ਵਿਗਿਆਨੀਆਂ ਅਤੇ ਹੋਰ ਅਮਲੇ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਭਾਰਤੀ ਹਥਿਆਰਬੰਦ ਬਲਾਂ ਦੀਆਂ ਸਮਰੱਥਾਵਾਂ ਵਿੱਚ ਕਈ ਤਰੀਕਿਆਂ ਨਾਲ ਵਾਧਾ ਕਰੇਗੀ। -ਪੀਟੀਆਈ