ਜੋਗਿੰਦਰ ਸਿੰਘ ਮਾਨ
ਮਾਨਸਾ 29 ਜਨਵਰੀ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਕਿਸਾਨਾਂ, ਮਜ਼ਦੂਰਾਂ, ਔਰਤਾਂ ਅਤੇ ਹੋਰ ਇਨਸਾਫ ਪਸੰਦ ਲੋਕਾਂ ਨੂੰ ਸੱਦਾ ਦਿੱਤਾ ਕਿ ਕਾਲੇ ਕਾਨੂੰਨਾਂ ਖ਼ਿਲਾਫ਼ ਦਿੱਲੀ ਮੋਰਚੇ ਵਿੱਚ ਸ਼ਾਮਲ ਹੋਣ। ਜਥੇਬੰਦੀ ਵੱਲੋਂ 2 ਦਿਨ ਪਿੰਡਾਂ ਵਿੱਚ ਮੋਦੀ ਸਰਕਾਰ ਦੀਆਂ ਅਰਥੀਆਂ ਸਾੜਨ ਦਾ ਸੱਦਾ ਦਿੱਤਾ। ਪਹਿਲੀ ਫਰਵਰੀ ਨੂੰ ਅਡਾਨੀਆਂ-ਅੰਬਾਨੀਆਂ ਅਤੇ ਕੇਂਦਰ ਸਰਕਾਰ ਦਾ ਸਾਂਝਾ ਪੁਤਲਾ ਸਾੜਨ ਦਾ ਫੈਸਲਾ ਕੀਤਾ ਹੈ। ਜਥੇਬੰਦੀ ਦੇ ਬਾਲ ਭਵਨ ਵਿਚ ਹੋਏ ਜ਼ਿਲ੍ਹਾ ਪੱਧਰੀ ਇਕੱਠ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਅੰਦੋਲਨ ਕਾਨੂੰਨਾਂ ਦੇ ਖ਼ਾਤਮੇ ਤੱਕ ਜਾਰੀ ਰਹੇਗਾ।
ਫਾਜ਼ਿਲਕਾ (ਪਰਮਜੀਤ ਸਿੰਘ): ਬੀਕੇਯੂ (ਉਗਰਾਹਾਂ) ਦੀ ਮੀਟਿੰਗ ਪਿੰਡ ਕਟੈੜਾ ਵਿਚ ਭਾਜਪਾ ਦੇ ਆਗੂ ਸੁਰਜੀਤ ਸਿੰਘ ਜਿਆਣੀ ਦੇ ਘਰ ਅੱਗੇ ਲੱਗੇ ਪੱਕੇ ਮੋਰਚੇ ’ਚ ਕੀਤੀ ਗਈ। ਆਗੂਆਂ ਨੇ ਕਿਹਾ ਕਿ ਦਿੱਲੀ ਲਾਲ ਕਿਲੇ ਦੀ ਘਟਨਾ ਸਰਕਾਰ ਦੀ ਸਾਜ਼ਿਸ਼ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਇਸ ਘਟਨਾ ਲਈ ਜ਼ਿੰਮੇਵਾਰ ਸਰਕਾਰ ਮੋਹਰਿਆਂ ਨੂੰ ਲੋਕ ਲਾਹਨਤਾਂ ਪਾ ਰਹੇ ਹਨ। ਇਸ ਵਿਰੁੱਧ ਛੇਤੀ ਹੀ ਸੰਯੁਕਤ ਕਿਸਾਨ ਮੋਰਚੇ ਨਾਲ ਸਾਂਝਾ ਐਕਸ਼ਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕਾਂ ਵਿਚ ਦਿੱਲੀ ਜਾਣ ਲਈ ਉਤਸ਼ਾਹ ਹੈ।
ਮੋਗਾ ’ਚ ਖੇਤੀ ਸੰਦਾਂ ਨਾਲ ਹੋਵੇਗਾ ਵੰਗਾਰ ਮਾਰਚ
ਮੋਗਾ (ਮਹਿੰਦਰ ਸਿੰਘ ਰੱਤੀਆਂ): ਕਿਸਾਨ ਤੇ ਜਨਤਕ ਜਥੇਬੰਦੀਆਂ ਨੇ ਦਿੱਲੀ ਮੋਰਚੇ ਨੂੰ ਮਜ਼ਬੂਤ ਕਰਨ ਲਈ ਮੋਗਾ ਵਿਚ ਪਹਿਲੀ ਫਰਵਰੀ ਨੂੰ ਨਵੀਂ ਅਨਾਜ ਮੰਡੀ ਵਿੱਚ ਖੇਤੀ ਸੰਦਾਂ ਨਾਲ ਵੰਗਾਰ ਰੈਲੀ ਕਰਨ ਦਾ ਐਲਾਨ ਕੀਤਾ ਹੈ। ਕਿਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਪ੍ਰਧਾਨ ਪ੍ਰਗਟ ਸਿੰਘ ਸਾਫੂਵਾਲਾ ਅਤੇ ਨੌਜਵਾਨ ਆਗੂ ਸੁਖਜਿੰਦਰ ਮਹੇਸਰੀ ਨੇ ਦੱਸਿਆ ਕਿ ਰੈਲੀ ਦੀ ਸਫ਼ਲਤਾ ਤੇ ਕਿਸਾਨ ਅੰਦੋਲਨ ਪ੍ਰਤੀ ਜਾਗਰੂਕਤਾ ਵਾਸਤੇ ਪਿੰਡਾਂ ਵਿੱਚ ਮਸ਼ਾਲ ਮਾਰਚ, ਝੰਡਾ ਮਾਰਚ, ਜਾਗੋ ਅਤੇ ਮੀਟਿੰਗਾਂ ਕੀਤੀਆਂ ਜਾਣਗੀਆਂ। ਇਸ ਰੈਲੀ ਵਿੱਚ ਸ਼ਾਮਲ ਹੋਣ ਵਾਲੇ ਲੋਕ ਆਪਣੇ ਖੇਤੀ ਸੰਦ ਕਹੀਆਂ, ਰੰਬੇ, ਤੰਗਲੀਆਂ, ਦਾਤੀਆਂ ਆਦਿ ਨਾਲ ਲੈ ਕੇ ਆਉਣ।