ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 29 ਜਨਵਰੀ
ਇੱਥੇ ਬੀਤੀ ਅੱਧੀ ਰਾਤ ਤੋਂ ਲੈ ਕੇ ਅੱਜ ਸਾਰਾ ਦਿਨ ਸੀਬੀਆਈ ਵੱਲੋਂ ਫੂਡ ਕਾਰਪੋਰੇਸ਼ਨ ਆਫ ਇੰਡੀਆ (ਐੱਫਸੀਆਈ) ਦੇ ਗੁਦਾਮਾਂ ’ਤੇ ਛਾਪਾ ਮਾਰ ਕੇ ਚਾਵਲਾਂ ਦੇ ਨਮੂਨੇ ਲਏ ਗਏ। ਇਹ ਕਾਰਵਾਈ ਬਿਨਾਂ ਅਗਾਊਂ ਸੂਚਨਾ ਦੇ ਕੀਤੀ ਗਈ। ਕਿਸਾਨਾਂ ਵੱਲੋਂ ਐੱਮਐੱਸਪੀ ਜਾਰੀ ਰੱਖਣ ਅਤੇ ਖੇਤੀ ਕਾਨੂੰਨ ਰੱਦ ਕਰਾਉਣ ਦੀ ਕੇਂਦਰ ਸਰਕਾਰ ਨਾਲ ਚੱਲ ਰਹੀ ਕਸ਼ਮਕਸ਼ ਦੌਰਾਨ ਸੀਬੀਆਈ ਵੱਲੋਂ ਇਸ ਤਰ੍ਹਾਂ ਦੀ ਕੀਤੀ ਗਈ ਕਾਰਵਾਈ ਕਈ ਸਵਾਲ ਖੜ੍ਹੇ ਕਰਦੀ ਹੈ। ਸੂਤਰਾਂ ਅਨੁਸਾਰ 2005 ਤੋਂ ਬਾਅਦ ਪੰਜਾਬ ਵਿੱਚ ਸੀਬੀਆਈ ਵੱਲੋਂ ਵੱਡੀ ਪੱਧਰ ’ਤੇ ਗੁਦਾਮਾਂ ਦੀ ਇਹ ਚੈਕਿੰਗ ਕੀਤੀ ਗਈ ਹੈ। ਇਸ ਚੈਕਿੰਗ ਦੌਰਾਨ ਚਾਵਲਾਂ ਦੇ ਨਮੂਨੇ ਲਏ ਗਏ ਹਨ। ਇਨ੍ਹਾਂ ਨਮੂਨਿਆਂ ਦੀ ਪੜਤਾਲ ਤੋਂ ਬਾਅਦ ਚਾਵਲਾਂ ਦੀ ਗੁਣਵੱਤਾ ਪਰਖੀ ਜਾਵੇਗੀ।
ਐੱਫ.ਸੀ.ਆਈ. ਦੇ ਅਧਿਕਾਰੀਆਂ ਨੇ ਦੱਸਿਆ ਕਿ ਜੇਕਰ ਚਾਵਲਾਂ ਦੀ ਗੁਣਵੱਤਾ ਪੈਮਾਨੇ ’ਤੇ ਖਰੀ ਨਹੀਂ ਉਤਰਦੀ ਤਾਂ ਇਸ ਦਾ ਖਮਿਆਜ਼ਾ ਖਰੀਦ ਅਧਿਕਾਰੀਆਂ ਨੂੰ ਵੀ ਭੁਗਤਣਾ ਪੈ ਸਕਦਾ ਹੈ। ਇਸ ਸਬੰਧੀ ਐੱਫਸੀਆਈ ਦੇ ਡੀਐੱਮ ਵਿਨੀਤ ਪ੍ਰਕਾਸ਼ ਨੇ ਦੱਸਿਆ ਕਿ ਸੀਬੀਆਈ ਵੱਲੋਂ ਕੀਤੀ ਇਹ ਰੁਟੀਨ ਕੁਆਲਿਟੀ ਚੈਕਿੰਗ ਸੀ। ਇਕ ਚੈਕਿੰਗ ਟੀਮ ਵਿੱਚ ਚਾਰ ਅਧਿਕਾਰੀ ਤੱਕ ਮੌਜੂਦ ਸਨ। ਟੀਮ ਵੱਲੋਂ ਇਕ ਸੈਂਪਲ ਸੈਂਟਰਲ ਵੇਅਰ ਹਾਊਸ ਮੁਕਤਸਰ ਤੇ ਦੂਜਾ ਫਰੀਦਕੋਟ ਤੋਂ ਲਿਆ ਗਿਆ। ਇਸੇ ਤਰ੍ਹਾਂ ਬਠਿੰਡਾ ਤੇ ਹੋਰ ਖੇਤਰਾਂ ਤੋਂ 40 ਸੈਂਪਲ ਲਏ ਗਏ ਹਨ।
ਮੋਗਾ/ਅਜੀਤਵਾਲ (ਮਹਿੰਦਰ ਸਿੰਘ ਰੱਤੀਆਂ/ਗੁਰਪ੍ਰੀਤ ਦੌਧਰ): ਲੰਘੀ ਦੇਰ ਸ਼ਾਮ ਕੇਂਦਰੀ ਜਾਂਚ ਏਜੰਸੀ ਸੀਬੀਆਈ ਦੀਆਂ ਟੀਮਾਂ ਵੱਲੋਂ ਮੋਗਾ ਤੇ ਅਜੀਤਵਾਲ ਵਿੱਚ ਕੇਂਦਰੀ ਖੁਰਾਕ ਏਜੰਸੀ ਐੱਫਸੀਆਈ ਦੇ ਅਨਾਜ ਗੁਦਾਮਾਂ ਉੱਤੇ ਛਾਪੇ ਮਾਰੇ ਗਏ। ਸੀਬੀਆਈ ਸੁਰੱਖਿਆ ਲਈ ਸੀਆਰਪੀਐੱਫ ਜਵਾਨ ਵੀ ਨਾਲ ਹੀ ਲੈ ਕੇ ਆਈ ਹੈ। ਸਬੰਧਤ ਥਾਣਾ ਪੁਲੀਸ ਨੂੰ ਨਾ ਤਾਂ ਭਰੋਸੇ ਵਿੱਚ ਲਿਆ ਗਿਆ ਹੈ ਅਤੇ ਨਾ ਹੀ ਛਾਪੇ ਬਾਰੇ ਕੋਈ ਜਾਣਕਾਰੀ ਦਿੱਤੀ ਗਈ ਹੈ। ਵੇਰਵਿਆਂ ਅਨੁਸਾਰ ਛਾਪੇ ਮਾਰਨ ਦੀ ਕਾਰਵਾਈ ਵੀਰਵਾਰ ਰਾਤ ਇਕ ਹੀ ਸਮੇਂ ਸ਼ੁਰੂ ਕੀਤੀ ਗਈ। ਸ਼ੁੱਕਰਵਾਰ ਸਵੇਰ ਤਕ ਛਾਪੇ ਜਾਰੀ ਸਨ। ਮੋਗਾ ਵਿੱਚ ਅਡਾਨੀ ਆਧੁਨਿਕ ਅਨਾਜ ਭੰਡਾਰ ਜਿਥੇ ਕਣਕ ਸਟੋਰ ਕੀਤੀ ਹੋਈ ਹੈ ਅਤੇ ਅਜੀਤਵਾਲ ਨੇੜਲੇ ਪਿੰਡ ਢੁੱਡੀਕੇ ਵਿੱਚ ਸਥਿਤ ਵੇਅਰਹਾਊਸ ’ਤੇ ਛਾਪਾ ਮਾਰ ਕੇ ਚੌਲ ਸਟੋਰੇਜ ਵਾਲੇ ਗੁਦਾਮ ਦੀ ਪੜਤਾਲ ਕਰਕੇ ਨਮੂਨੇ ਲਏ ਗਏ ਹਨ। ਸੀਬੀਆਈ ਟੀਮ ਕਣਕ ਅਤੇ ਚੌਲਾਂ ਦੇ 2019-20 ਅਤੇ 2020-21 ਲਈ ਪਏ ਸਟਾਕ ਦੇ ਸੈਂਪਲ ਲੈ ਰਹੀ ਹੈ ਅਤੇ ਗੁਦਾਮਾਂ ਵਿੱਚ ਪਏ ਕਣਕ ਚੌਲਾਂ ਦੇ ਸਟਾਕ ਦੀ ਪੜਤਾਲ ਵੀ ਕਰ ਰਹੀ ਹੈ। ਥਾਣਾ ਅਜੀਤਵਾਲ ਮੁਖੀ ਇੰਸਪੈਕਟਰ ਕਰਮਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਸੀਬੀਆਈ ਟੀਮ ਨੇ ਆਉਣ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਇਸ ਮੌਕੇ ਸੀਬੀਆਈ ਟੀਮ ਅਧਿਕਾਰੀਆਂ ਨੇ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ।
ਬੁਢਲਾਡਾ (ਅਮਿਤ ਕੁਮਾਰ): ਮਾਨਸਾ ਜ਼ਿਲ੍ਹੇ ਦੀ ਸਬ ਡਿਵੀਜ਼ਨ ਬੁਢਲਾਡਾ ਵਿੱਚ ਅੱਜ ਇਕ ਦਰਜਨ ਤੋਂ ਵੱਧ ਸੀਬੀਆਈ ਅਧਿਕਾਰੀਆਂ ਨੇ ਛਾਪੇ ਮਾਰ ਕੇ ਗੁਦਾਮ ਦੀ ਛਾਣਬੀਣ ਕੀਤੀ ਗਈ। ਭਾਵੇਂ ਅੱਜ ਦੀ ਛਾਪੇ ਦੌਰਾਨ ਸੀਬੀਆਈ ਅਧਿਕਾਰੀਆਂ ਨੇ ਕੁਝ ਵੀ ਕਹਿਣ ਤੋਂ ਗੁਰੇਜ਼ ਕੀਤਾ ਪਰ ਸੂਤਰਾਂ ਤੋਂ ਪਤਾ ਚੱਲਿਆ ਹੈ ਕਿ ਇਨ੍ਹਾਂ ਗੁਦਾਮਾਂ ਵਿੱਚ ਸ਼ੈੱਲਰ ਮਾਲਕਾਂ ਵੱਲੋਂ ਯੂਪੀ ਤੇ ਬਿਹਾਰ ਤੋਂ ਘਟੀਆ ਕਿਸਮ ਦੇ ਚਾਵਲ ਲਿਆ ਕੇ ਜਮ੍ਹਾਂ ਕਰਵਾਵੇ ਹਨ ਜਿਸ ਦੀ ਭਿਣਕ ਪੈਂਦੇ ਹੀ ਲੋਕਾਂ ਵੱਲੋਂ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਸਨ। ਇਸੇ ਲੜੀ ਤਹਿਤ ਗੁਦਾਮ ਵਿੱਚ ਛਾਪੇ ਮਾਰੇ ਗਏ।
ਏਲਨਾਬਾਦ (ਜਗਤਾਰ ਸਮਾਲਸਰ): ਇੱਥੋਂ ਦੇ ਪਿੰਡ ਨੀਮਲਾ ਸਥਿਤ ਐੱਫਸੀਆਈ ਗੁਦਾਮ ਵਿੱਚ ਛਾਪਾ ਮਾਰ ਕੇ ਅੱਜ ਸੀਬੀਆਈ ਦੀ ਟੀਮ ਨੇ ਕਣਕ ਦੀ ਸੈਂਪਲਿੰਗ ਕੀਤੀ। ਇਸ ਦੌਰਾਨ ਮੁੱਖ ਗੇਟ ’ਤੇ ਸੀਆਰਪੀਐਫ ਦੇ ਜਵਾਨ ਤਾਇਨਾਤ ਕੀਤੇ ਗਏ ਅਤੇ ਮੀਡੀਆ ਦੇ ਅੰਦਰ ਜਾਣ ਤੇ ਪੂਰੀ ਤਰ੍ਹਾਂ ਪਾਬੰਦੀ ਰਹੀ। ਮੌਕੇ ਤੇ ਪਹੁੰਚੇ ਅਧਿਕਾਰੀ ਵੀ ਪੱਤਰਕਾਰਾਂ ਨੂੰ ਇਸ ਪੂਰੇ ਮਾਮਲੇ ਬਾਰੇ ਜਾਣਕਾਰੀ ਦੇਣ ਤੋਂ ਬਚਦੇ ਰਹੇ। ਇਸ ਦੌਰਾਨ ਟੀਮ ਵਲੋਂ 2019-20 ਅਤੇ 2020-21 ਦੌਰਾਨ ਖਰੀਦੀ ਗਈ ਕਣਕ ਅਤੇ ਚਾਵਲ ਦੇ ਸੈਂਪਲ ਲਏ ਗਏ। ਇਸ ਦੌਰਾਨ ਗੁਦਾਮ ਦੇ ਮੈਨੇਜਰ ਅਤੇ ਸੁਪਰਵਾਈਜ਼ਰ ਨੂੰ ਵੀ ਮੌਕੇ ’ਤੇ ਤਲਬ ਕੀਤਾ ਗਿਆ। ਇਸ ਮੌਕੇ ਟੀਮ ਨੇ ਗੁਦਾਮ ਦਾ ਪੂਰਾ ਰਿਕਾਰਡ ਵੀ ਜਾਂਚਿਆ।
ਸਰਕਾਰੀ ਰਿਕਾਰਡ ਦੀ ਵੀ ਕੀਤੀ ਫਰੋਲਾ-ਫਰੋਲੀ
ਫ਼ਿਰੋਜ਼ਪੁਰ (ਸੰਜੀਵ ਹਾਂਡਾ): ਫ਼ਿਰੋਜ਼ਪੁਰ ’ਚ ਸ਼ੁੱਕਰਵਾਰ ਨੂੰ ਸੀਬੀਆਈ ਦੇ ਅਧਿਕਾਰੀਆਂ ਨੇ ਕੇਂਦਰ ਸਰਕਾਰ ਦੇ ਕਈ ਗੁਦਾਮਾਂ ’ਤੇ ਅਚਾਨਕ ਛਾਪੇ ਮਾਰੇ। ਅਧਿਕਾਰੀਆਂ ਨੇ ਗੁਦਾਮਾਂ ਅੰਦਰ ਲੱਗੇ ਕੇਂਦਰ ਸਰਕਾਰ ਦੇ ਅਨਾਜ (ਕਣਕ ਤੇ ਚੌਲ) ਦੀ ਕੁਆਲਿਟੀ ਦਾ ਨਿਰੀਖਣ ਕੀਤਾ ਤੇ ਸਰਕਾਰੀ ਰਿਕਾਰਡ ਨਾਲ ਉਸ ਦਾ ਮਿਲਾਣ ਵੀ ਕੀਤਾ। ਕਿਸਾਨੀ ਨਾਲ ਜੁੜੇ ਕੁਝ ਲੋਕ ਇਸ ਕਾਰਵਾਈ ਨੂੰ ਕਿਸਾਨ ਅੰਦੋਲਨ ਦੇ ਨਾਲ ਜੋੜ ਕੇ ਵੀ ਵੇਖ ਰਹੇ ਹਨ। ਇਥੇ ਸਰਹੱਦੀ ਪਿੰਡ ਗੋਖੀ ਵਾਲਾ ਵਿਚ ਸਥਿਤ ਐਫ਼ਸੀਆਈ ਦੇ ਗੁਦਾਮ ਜਤਿਨ ਐਗਰੋ ਤੇ ਵੀ ਸੀਬੀਆਈ ਦੇ ਅਧਿਕਾਰੀਆਂ ਨੇ ਵੀਰਵਾਰ ਦੇਰ ਸ਼ਾਮ ਧਾਵਾ ਬੋਲਿਆ। ਇਹ ਕਾਰਵਾਈ ਸ਼ੁੱਕਰਵਾਰ ਨੂੰ ਵੀ ਪੂਰਾ ਦਿਨ ਚੱਲਦੀ ਰਹੀ।