ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 25 ਜੁਲਾਈ
ਬਾਰਸ਼ਾਂ ਕਾਰਨ ਫਸਲਾਂ ਦੇ ਹੋਏ ਖਰਾਬੇ ਦੇ ਮੁਆਵਜ਼ੇ ਦੀ ਮੰਗ ਲਈ ‘ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ’ ਵੱਲੋਂ ਪ੍ਰਧਾਨ ਸੁਖਦੇਵ ਸਿੰਘ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ। ਜਿਸ ਦੌਰਾਨ ਸੂਬਾ ਸਰਕਾਰ ਖ਼ਿਲਾਫ਼ ਜ਼ੋਰਦਾਰ ਰੋਸ ਮੁਜ਼ਾਹਰਾ ਕੀਤਾ ਗਿਆ| ਇਸ ਮੌਕੇ ਯੂਨੀਅਨ ਦੇ ਪ੍ਰਧਾਨ ਸੁਖਦੇਵ ਸਿੰਘ ਬੂੜਾ ਗੁੱਜ਼ਰ, ਮੀਤ ਪ੍ਰਧਾਨ ਅਵਤਾਰ ਸਿੰਘ, ਸੁਮੰਦ ਸਿੰਘ ਕੁੱਕਰੀਆਂ, ਜਸਕਰਨ ਸਿੰਘ, ਬੂਟਾ ਸਿੰਘ ਦੋਦਾ ਆਦਿ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਨੁਕਸਾਨੀਆਂ ਫਸਲਾਂ ਦਾ ਮੁਆਵਜ਼ਾ ਦੇਣ ਦੀ ਗੱਲ ਤਾਂ ਕਹੀ ਗਈ ਹੈ, ਪਰ ਅਜੇ ਤੱਕ ਸਬੰਧਿਤ ਵਿਭਾਗਾਂ ਵੱਲੋਂ ਮੁਆਵਜ਼ਾ ਦੇਣ ਸਬੰਧੀ ਢੁਕਵੀਂ ਕਾਰਵਾਈ ਅਮਲ ’ਚ ਨਹੀਂ ਲਿਆਂਦੀ ਗਈ| ਉਨ੍ਹਾਂ ਕਿਹਾ ਕਿ ਬਾਰਿਸ਼ ਕਾਰਨ ਝੋਨੇ, ਨਰਮੇ, ਮੂੰਗੀ ਅਤੇ ਮੱਕੀ ਦੀਆਂ ਫਸਲਾਂ ਬਰਬਾਦ ਹੋ ਚੁੱਕੀਆਂ ਹਨ, ਜਿਸ ਕਾਰਨ ਕਿਸਾਨ ਦੀ ਹਾਲਤ ਤਰਸਯੋਗ ਬਣੀ ਹੋਈ ਹੈ| ਮੁਜ਼ਾਹਰੇ ਮਗਰੋਂ ਯੂਨੀਅਨ ਵੱਲੋਂ ਪੰਜਾਬ ਸਰਕਾਰ ਦੇ ਨਾਂ ਦਾ ਇੱਕ ਮੰਗ ਪੱਤਰ ਐੱਸਡੀਐੱਮ ਸਵਰਨਜੀਤ ਕੌਰ ਨੂੰ ਸੌਂਪਿਆ ਗਿਆ| ਇਸ ਮੌਕੇ ਕਸ਼ਮੀਰ ਸਿੰਘ, ਹਰਭਗਵਾਨ ਸਿੰਘ, ਸਤਨਾਮ ਸਿੰਘ, ਛਿੰਦਰਪਾਲ ਸਿੰਘ, ਸ਼ਰਨਜੀਤ ਸਿੰਘ, ਸੇਵਕ ਸਿੰਘ, ਹਰਦਿਆਲ ਸਿੰਘ, ਰਣਜੋਧ ਸਿੰਘ, ਸਰਬਜੀਤ ਸਿੰਘ, ਗਿਆਨ ਸਿੰਘ ਤੋਂ ਇਲਾਵਾ ਵੱਡੀ ਗਿਣਤੀ ’ਚ ਕਿਸਾਨ ਹਾਜ਼ਰ ਸਨ।
ਫ਼ਸਲਾਂ ਦੇ ਖਰਾਬੇ ਦਾ ਮੁਆਵਜ਼ਾ ਨਾ ਦੇਣ ’ਤੇ ਸੜਕਾਂ ਰੋਕਣ ਦਾ ਐਲਾਨ
ਚਾਉਕੇ (ਪੱਤਰ ਪ੍ਰੇਰਕ) ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਬਲਾਕ ਦੀ ਮੀਟਿੰਗ ਪਿੰਡ ਮੰਡੀ ਕਲਾਂ ’ਚ ਜਥੇਬੰਦੀ ਦੇ ਸੂਬਾ ਆਗੂ ਕਾਕਾ ਸਿੰਘ ਕੋਟੜਾ ਦੀ ਅਗਵਾਈ ਵਿੱਚ ਕੀਤੀ ਗਈ ਜਿਸ ’ਚ ਵੱਖ ਵੱਖ ਪਿੰਡਾਂ ਦੇ ਪ੍ਰਧਾਨ ਤੇ ਵਰਕਰਾਂ ਨੇ ਹਿੱਸਾ ਲਿਆ। ਇਸ ਮੌਕੇ ਕਿਸਾਨ ਆਗੂ ਕਾਕਾ ਸਿੰਘ ਨੇ ਦੱਸਿਆ ਕਿ ਮੂੰਗੀ ਤੇ ਨਰਮੇ ਦੀ ਫ਼ਸਲ ਦੇ ਹੋਏ ਨੁਕਸਾਨ ਦਾ ਜੇ ਸਰਕਾਰ ਫ਼ੌਰੀ ਕਦਮ ਨਹੀਂ ਚੁੱਕਦੀ ਤਾਂ 3 ਅਗਸਤ ਨੂੰ ਮਾਝਾ, ਮਾਲਵਾ ਤੇ ਦੋਆਬੇ ਦੀਆਂ ਤਿੰਨ ਵੱਡੀਆਂ ਸੜਕਾਂ ਰੋਕੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਜੋ ਭਾਰਤ ਮਾਲਾ ਸੜਕ ਬਣ ਰਹੀ ਹੈ ਉਸ ਦਾ ਸਖ਼ਤ ਵਿਰੋਧ ਕੀਤਾ ਜਾਵੇਗਾ ਤੇ ਪ੍ਰੋਗਰਾਮ ਅਨੁਸਾਰ 22 ਅਗਸਤ ਨੂੰ ਦਿੱਲੀ ਜੰਤਰ ਮੰਤਰ ਅੱਗੇ ਧਰਨਾ ਦਿੱਤਾ ਜਾਵੇਗਾ। ਇਸ ਮੌਕੇ ਗੁਰਦੀਪ ਸਿੰਘ, ਬਲਵਿੰਦਰ ਸਿੰਘ ਮੌੜ ਬਲਾਕ, ਯੋਦਾ ਸਿੰਘ ਨਗਲਾ, ਭੋਲਾ ਸਿੰਘ ਕੋਟੜਾ, ਮਾਤਾ ਅਮਰਜੀਤ ਕੌਰ ਪਿੰਡ ਇਕਾਈ ਪ੍ਰਧਾਨ, ਸੁਖਚੈਨ ਸਿੰਘ ਪਿੱਥੋ, ਮਲਕੀਤ ਸਿੰਘ ਖੋਖਰ, ਸੁਖਦੇਵ ਸਿੰਘ ਸਾਬਕਾ ਸਰਪੰਚ, ਉੱਜਲ ਸਿੰਘ ਆਦਿ ਹਾਜ਼ਰ ਸਨ।