ਪੇਈਚਿੰਗ, 29 ਜਨਵਰੀ
ਚੀਨ ਨੇ ਅੱਜ ਕਿਹਾ ਕਿ ਉਸ ਨੇ ਤਣਾਅਪੂਰਨ ਦੁਵੱਲੇ ਰਿਸ਼ਤਿਆਂ ’ਚ ਸੁਧਾਰ ਸਬੰਧੀ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਦੇ ਸੁਝਾਅ ’ਤੇ ਗੌਰ ਕੀਤਾ ਹੈ ਅਤੇ ਉਨ੍ਹਾਂ ਦੀ ਟਿੱਪਣੀ ਸ਼ਲਾਘਾਯੋਗ ਹੈ ਕਿਉਂਕਿ ਇਸ ਤੋਂ ਪਤਾ ਚੱਲਦਾ ਹੈ ਕਿ ਭਾਰਤ ਪੇਈਚਿੰਗ ਨਾਲ ਸਬੰਧਾਂ ਨੂੰ ਮਹੱਤਵ ਦਿੰਦਾ ਹੈ।
ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲਿਜੀਆਨ ਨੇ ਕਿਹਾ, ‘ਅਸੀਂ ਵਿਦੇਸ਼ ਮੰਤਰੀ ਜੈਸ਼ੰਕਰ ਦੀਆਂ ਟਿੱਪਣੀਆਂ ਦਾ ਨੋਟਿਸ ਲਿਆ ਹੈ।’ ਉਨ੍ਹਾਂ ਕਿਹਾ ਕਿ ਜੈਸ਼ੰਕਰ ਨੇ ਭਾਰਤ-ਚੀਨ ਰਿਸ਼ਤਿਆਂ ਦੇ ਮਹੱਤਵ ’ਤੇ ਜ਼ੋਰ ਦਿੱਤਾ। ਇਸ ਤੋਂ ਪਤਾ ਚੱਲਦਾ ਹੈ ਕਿ ਭਾਰਤੀ ਪੱਖ ਚੀਨ ਨਾਲ ਸਬੰਧਾਂ ਨੂੰ ਮਹੱਤਵ ਦਿੰਦਾ ਹੈ। ਉਹ ਇਸ ਦੀ ਸ਼ਲਾਘਾ ਕਰਦੇ ਹਨ। ਉਨ੍ਹਾਂ ਕਿਹਾ, ‘ਇਸੇ ਦਰਮਿਆਨ ਅਸੀਂ ਇਸ ਗੱਲ ’ਤੇ ਜ਼ੋਰ ਦਿੰਦੇ ਹਾਂ ਕਿ ਸਰਹੱਦੀ ਮੁੱਦੇ ਨੂੰ ਮੁਕੰਮਲ ਦੁਵੱਲੇ ਸਬੰਧਾਂ ਨਾਲ ਨਹੀਂ ਜੋੜਿਆ ਜਾਵੇਗਾ। ਸਬੰਧਾਂ ਨੂੰ ਅੱਗੇ ਵਧਾਉਣ ਦੀਆਂ ਸਾਲਾਂ ਪੁਰਾਣੀਆਂ ਕੋਸ਼ਿਸ਼ਾਂ ਰਾਹੀਂ ਅਸੀਂ ਇਹ ਮਹੱਤਵਪੂਰਨ ਤਜਰਬਾ ਪ੍ਰਾਪਤ ਕੀਤਾ ਹੈ।’ ਉਨ੍ਹਾਂ ਕਿਹਾ ਕਿ ਉਹ ਉਮੀਦ ਜ਼ਾਹਿਰ ਕਰਦੇ ਹਨ ਕਿ ਵਖਰੇਵਿਆਂ ਨੂੰ ਸਹੀ ਢੰਗ ਨਾਲ ਸੁਲਝਾਉਣ, ਵਿਹਾਰਕ ਸਹਿਯੋਗ ਵਧਾਉਣ ਅਤੇ ਦੁਵੱਲੇ ਸਬੰਧਾਂ ਨੂੰ ਪਟੜੀ ’ਤੇ ਲਿਆਉਣ ਲਈ ਭਾਰਤੀ ਧਿਰ ਉਨ੍ਹਾਂ ਨਾਲ ਮਿਲ ਕੇ ਕੰਮ ਕਰੇਗੀ। -ਪੀਟੀਆਈ