ਰਮੇਸ਼ ਭਾਰਦਵਾਜ
ਲਹਿਰਾਗਾਗਾ,18 ਅਕਤੂਬਰ
ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਬਲਾਕ ਲਹਿਰਾਗਾਗਾ ਵੱਲੋਂ ਲਹਿਲ ਖੁਰਦ ਵਿਖੇ ਰਿਲਾਇੰਸ ਦੇ ਪੈਟਰੋਲ ਪੰਪ ਉੱਤੇ ਇੱਕ ਅਕਤੂਬਰ ਤੋਂ ਲੱਗੇ ਕਿਸਾਨ ਮੋਰਚੇ ’ਚ ਆਰਟ ਗਰੁੱਪ ਚੰਡੀਗੜ੍ਹ ਵੱਲੋਂ ਲਵੀ ਬੁਢਲਾਡਾ ਦੀ ਅਗਵਾਈ ਹੇਠ ਨਾਟਕ ‘ਸਾਡਾ ਹੱਕ ਇੱਥੇ ਰੱਖ’ ਪੇਸ਼ ਕਰਕੇ 18 ਦਿਨ ਤੋਂ ਲਗਾਤਾਰ ਧਰਨੇ ਨੂੰ ਮਘਾ ਦਿੱਤਾ ਹੈ। ਇਸ ਪ੍ਰਭਵਾਸਾਲੀ ਨਾਟਕ ਦੀ ਪੇਸ਼ਕਾਰੀ ਦੌਰਾਨ ਦਿਖਾਈ ਇਕਸੁਰਤਾ ਨੇ ਸਟੇਜ ਦੀ ਪੇਸ਼ਕਾਰੀ ਤੇ ਸਮੁੱਚੇ ਪੰਡਾਲ ਨੂੰ ਇੱਕਜੁਟ ਕਰ ਦਿੱਤਾ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਨੇਕੀ ਤੇ ਬਦੀ ਦੀ ਇਸ ਜੰਗ ’ਚ ਪੰਜਾਬ ਦੇ ਲੋਕ ਪੱਖੀ ਸਾਹਿਤਕਾਰ, ਰੰਗਕਰਮੀ ਕਲਾਕਾਰ ਵੀ ਪੂਰੀ ਤਰ੍ਹਾਂ ਕਿਸਾਨਾਂ ਦੇ ਨਾਲ ਹਨ।
ਭਾਕਿਯੂ ਏਕਤਾ( ਉਗਰਾਹਾਂ) ਦੇ ਆਗੂ ਧਰਮਿੰਦਰ ਪਸ਼ੌਰ, ਬਹਾਲ ਸਿੰਘ ਢੀਂਡਸਾ, ਜਨਕ ਸਿੰਘ ਭੁਟਾਲ, ਲੀਲਾ ਚੋਟੀਆਂ , ਹਰਮੀਤ ਭੁਟਾਲ ਨੇ ਇਕੱਠ ਨੂੰ ਸੰਬੋਧਨ ਨੇ ਕੈਪਟਨ ਸਰਕਾਰ ਨੂੰ ਖਬਰਦਾਰ ਕੀਤਾ ਕਿ ਕਿਸਾਨਾਂ ਦੇ ਇਸ ਰੋਹ ਦਾ ਸਿਆਸੀ ਲਾਹਾ ਖੱਟਣ ਦੇ ਲਾਲਚ ਵਿੱਚ ਖੁਦ ਇਸ ਰੋਹ ਦਾ ਸ਼ਿਕਾਰ ਨਾ ਬਣ ਜਾਵੇ। ਉਨ੍ਹਾਂ ਕਿਹਾ ਕਿ 19 ਅਕਤੂਬਰ ਨੂੰ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੌਰਾਨ ਖੇਤੀ ਵਿਰੋਧੀ ਕੇਂਦਰੀ ਕਾਨੂੰਨ ਰੱਦ ਕਰਾਉਣ ਦੇ ਨਾਲ-ਨਾਲ ਪੰਜਾਬ ਸਰਕਾਰ ਵੱਲੋਂ ਲਿਆਂਦੇ ਖੇਤੀ ਵਿਰੋਧੀ ਕਾਨੂੰਨ ਰੱਦ ਕਰਾਉਣ ਦੀ ਮੰਗ ਨੂੰ ਲੈਕੇ ਵਿਧਾਨ ਸਭਾ ਅੱਗੇ ਵੀ ਰੋਹ ਭਰਪੂਰ ਧਰਨਾ ਦੇਣਗੇ ਅਤੇ 25 ਅਕਤੂਬਰ ਨੂੰ ਦੁਸਹਿਰੇ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ,ਸਾਮਰਾਜੀ ਕੰਪਨੀਆਂ ਤੇ ਕਾਰਪੋਰੇਟ ਜਗਤ ਦੇ ਦਿਓ ਕੱਦ ਪੁਤਲੇ ਫੂਕੇ ਜਾਣਗੇ।