ਲਖਨਊ, 27 ਫਰਵਰੀ
ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਵਾਰਾਨਸੀ ’ਚ ਸੰਤ ਰਵਿਦਾਸ ਦੀ ਯਾਦ ’ਚ ਬਣੇ ਇੱਕ ਮੰਦਰ ਵਿੱਚ ਮੱਥਾ ਟੇਕਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਸੰਤ ਰਵਿਦਾਸ ਨੇ ਲੋਕਾਂ ਨੂੰ ਇੱਕ ਸੱਚਾ ਧਰਮ ਸਿਖਾਇਆ, ਜੋ ਆਸਾਨ ਹੈ ਤੇ ਕਿਸੇ ਨਾਲ ਵੱਖਰੇਵਾਂ ਜਾਂ ਭੇਦ-ਭਾਵ ਨਹੀਂ ਕਰਦਾ। ਉਹ ਇੱਥੇ ਸਵੇਰੇ ਵਾਰਾਨਸੀ ਏਅਰਪੋਰਟ ’ਤੇ ਪੁੱਜੇ ਜਿਸ ਦੌਰਾਨ ਪਾਰਟੀ ਵਰਕਰਾਂ ਵੱਲੋਂ ਉਨ੍ਹਾਂ ਦਾ ਨਿੱਘਾ ਸੁਆਗਤ ਕੀਤਾ ਗਿਆ। ਇਸ ਮਗਰੋਂ ਉਹ ਸੰਤ ਰਵਿਦਾਸ ਦੇ ਪ੍ਰਕਾਸ਼ ਪੁਰਬ ਮੌਕੇ ਉਨ੍ਹਾਂ ਪ੍ਰਤੀ ਅਕੀਦਤ ਭੇਟ ਕਰਨ ਲਈ ਉਨ੍ਹਾਂ ਦੇ ਜਨਮ ਅਸਥਾਨ ਸੀਰ ਗੋਵਰਧਨ ਪੁੱਜੇ ਤੇ ਸਤਿਸੰਗ ’ਚ ਵੀ ਹਿੱਸਾ ਲਿਆ। ਇਸ ਮੌਕੇ ਉਨ੍ਹਾਂ ਮੰਦਰ ਦੇ ਮਹੰਤ ਸੰਤ ਨਿਰੰਜਨ ਦਾਸ ਦਾ ਆਸ਼ੀਰਵਾਦ ਵੀ ਲਿਆ। ਇਸ ਮੌਕੇ ਵੱਡੀ ਗਿਣਤੀ ’ਚ ਸੀਨੀਅਰ ਸੂਬਾਈ ਆਗੂ ਤੇ ਕਾਰਕੁਨ ਮੌਜੂਦ ਸਨ। -ਪੀਟੀਆਈ
ਨਾਇਡੂ ਤੇ ਮੋਦੀ ਵੱਲੋਂ ਰਵਿਦਾਸ ਜੈਅੰਤੀ ’ਤੇ ਮੁਬਾਰਕਬਾਦ
ਨਵੀਂ ਦਿੱਲੀ: ਉਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਨੇ ਸੰਤ-ਕਵੀ ਰਵਿਦਾਸ ਨੂੰ ਉਨ੍ਹਾਂ ਦੀ ਜੈਅੰਤੀ ਮੌਕੇ ਯਾਦ ਕੀਤਾ। ਸ੍ਰੀ ਨਾਇਡੂ ਨੇ ਟਵਿੱਟਰ ‘ਤੇ ਲਿਖਿਆ, ‘ਮਹਾਨ ਕਵੀ-ਸੰਤ ਗੁਰੂ ਰਵਿਦਾਸ ਜੀ ਨੂੰ ਅੱਜ ਉਨ੍ਹਾਂ ਦੀ ਜੈਅੰਤੀ ’ਤੇ ਮੇਰੇ ਵੱਲੋਂ ਸ਼ਰਧਾਂਜਲੀ।’ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ‘ਕਈ ਸਦੀਆਂ ਪਹਿਲਾਂ ਸੰਤ ਰਵਿਦਾਸ ਵੱਲੋਂ ਸਮਾਨਤਾ, ਸਦਭਾਵਨਾ ਤੇ ਦਇਆ ਸਬੰਧੀ ਦਿੱਤੇ ਸੰਦੇਸ਼ ਲੋਕਾਂ ਨੂੰ ਅੱਗੇ ਵੀ ਸਦੀਆਂ ਤੱਕ ਪ੍ਰੇਰਿਤ ਕਰਦੇ ਰਹਿਣਗੇ।
ਗੁਰੂ ਰਵਿਦਾਸ ਵੱਲੋਂ ਦਰਸਾਏ ਰਾਹ ’ਤੇ ਚੱਲਣ ਭਾਜਪਾ ਦੀ ਅਗਵਾਈ ਵਾਲੀਆਂ ਸਰਕਾਰਾਂ: ਮਾਇਆਵਤੀ
ਲਖਨਊ: ਬਸਪਾ ਮੁਖੀ ਮਾਇਆਵਤੀ ਨੇ ਸੰਤ-ਕਵੀ ਗੁਰੂ ਰਵਿਦਾਸ ਦੀ ਜੈਅੰਤੀ ਮੌਕੇ ਉਨ੍ਹਾਂ ਨੂੰ ਯਾਦ ਕਰਦਿਆਂ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਤੇ ਸੂਬਾ ਸਰਕਾਰਾਂ ਨੂੰ ਉਨ੍ਹਾਂ ਵੱਲੋਂ ਸਮਾਜ ਤੇ ਮੁਲਕ ਦੀ ਸੇਵਾ ਕਰਨ ਸਬੰਧੀ ਵਿਖਾਏ ਰਾਹ ’ਤੇ ਚੱਲਣ ਲਈ ਕਿਹਾ। ਹਿੰਦੀ ’ਚ ਕੀਤੇ ਟਵੀਟ ’ਚ ਉਨ੍ਹਾਂ ਬਸਪਾ ਦੀ ਅਗਵਾਈ ਵਾਲੀਆਂ ਸਰਕਾਰਾਂ ਵੱਲੋਂ ਗੁਰੂ ਰਵਿਦਾਸ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਕੀਤੇ ਕੰਮਾਂ ਨੂੰ ਯਾਦ ਕੀਤਾ।