ਪੱਤਰ ਪ੍ਰੇਰਕ
ਮਹਿਲ ਕਲਾਂ, 2 ਜੁਲਾਈ
ਖੇਤੀ ਕਾਨੂੰਨਾਂ ਖਿਲਾਫ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਹੇਠ ਮਹਿਲ ਕਲਾਂ ਵਿਖੇ ਕਿਸਾਨਾਂ ਦਾ ਪੱਕਾ ਧਰਨਾ ਜਾਰੀ ਹੈ ਤੇ ਕਿਸਾਨਾਂ ਵੱਲੋਂ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ ਕੀਤੀ। ਇਸ ਮੌਕੇ ਧਰਨੇ ਨੂੰ ਕਿਸਾਨ ਆਗੂ ਪਰਮਜੀਤ ਸਿੰਘ, ਸੁਖਦੇਵ ਸਿੰਘ, ਜਗਰਾਜ ਸਿੰਘ ਹਰਦਾਸਪੁਰਾ, ਸ਼ਮਸ਼ੇਰ ਸਿੰਘ ਹੁੰਦਲ, ਨੇ ਕਿਹਾ ਕਿ ਮੋਦੀ ਸਰਕਾਰ ਖੇਤੀ ਕਾਨੂੰਨਾਂ ਨੂੰ ਲਾਗੂ ਕਰਕੇ ਕਿਸਾਨਾਂ ਦੀਆਂ ਜ਼ਮੀਨਾਂ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਦੀ ਚਾਲ ਚੱਲ ਰਹੀ ਹੈ। ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਸੂਬਾ ਸਰਕਾਰ ਖੇਤੀ ਖੇਤਰ ਲਈ 8 ਘੰਟੇ ਅਤੇ ਘਰੇਲੂ ਤੇ ਦੁਕਾਨਦਾਰਾਂ ਲਈ 24 ਘੰਟੇ ਬਿਜਲੀ ਮੁਹੱਈਆ ਕਰਨ ਵਿੱਚ ਅਸਫਲ ਸਿੱਧ ਹੋਈ ਹੈ। ਇਸ ਮੌਕੇ ਛੋਟੇ ਬੱਚੇ ਕਪਤਾਨ ਸਿੰਘ ਨੇ ਸਰਕਾਰ ਖਿਲਾਫ ਨਾਅਰੇ ਲਗਾਏ।
ਬਰੇਟਾ (ਪੱਤਰ ਪ੍ਰੇਰਕ): ਕੇਂਦਰ ਸਰਕਾਰ ਦੇ ਤਿੰਨ ਖੇਤੀ-ਕਿਸਾਨ ਵਿਰੋਧੀ ਕਾਨੂੰਨਾਂ ਦੀ ਵਾਪਸੀ ਲਈ ਚਲ ਰਹੇ ਕਿਸਾਨ ਅੰਦੋਲਨ ਅਧੀਨ ਸਥਾਨਕ ਰੇਲਵੇ ਸਟੇਸ਼ਨ ਦੀ ਪਾਰਕਿੰਗ ਵਿੱਚ ਸਾਂਝਾ ਕਿਸਾਨ ਮੋਰਚਾ ਵੱਲੋਂ ਚਲਾਏ ਜਾ ਰਹੇ ਧਰਨੇ ਵਿੱਚ ਬੁਲਾਰਿਆਂ ਨੇ ਤਿੰਨ ਕਾਨੂੰਨ ਕਿਸਾਨ ਵਿਰੋਧੀ ਐਲਾਨਦੇ ਹੋਏ ਇਨ੍ਹਾਂ ਨੂੰ ਕਾਰਪੋਰੇਟ ਘਰਾਣਿਆਂ ਦੇ ਪੱਖੀ ਦੱਸਦੇ ਹੋਏ ਕਾਨੂੰਨਾਂ ਦੀ ਵਾਪਸੀ ਤੱਕ ਸੰਘਰਸ਼ ਜਾਰੀ ਰੱਖਣ ਦਾ ਪ੍ਰਣ ਦੁਹਰਾਇਆ। ਇਸ ਮੌਕੇ ਗੁਰਦੀਪ ਸਿੰਘ, ਚਰਨਜੀਤ ਕੌਰ, ਬਲਜੀਤ ਕੌਰ ਧਰਮਪੁਰਾ, ਰਾਮਫਲ ਸਿੰਘ ਸ਼ਾਮਲ ਹਨ।
ਮੁਸਲਮਾਨਾਂ ਵੱਲੋਂ ਕਿਸਾਨਾਂ ਦੇ ਹੱਕ ’ਚ ਹਾਅ ਦਾ ਨਾਅਰਾ
ਨਿਹਾਲ ਸਿੰਘ ਵਾਲਾ (ਪੱਤਰ ਪ੍ਰੇਰਕ): ਸਥਾਨਕ ਅੱਬੂਬੱਕਰ ਮਸਜਿਦ ਵਿੱਚ ਮੁਸਲਿਮ ਭਾਈਚਾਰੇ ਦੇ ਮੁਸਲਿਮ ਫ਼ਰੰਟ ਪੰਜਾਬ ਦੇ ਚੇਅਰਮੈਨ ਡਾ ਫ਼ਕੀਰ ਮੁਹੰਮਦ ਦੀ ਅਗਵਾਈ ਹੇਠ ਮੁਸਲਿਮ ਭਾਈਚਾਰੇ ਵੱਲੋਂ ਕਿਸਾਨ ਮੰਗਾਂ ਦੀ ਹਮਾਇਤ ਕਰਦਿਆਂ ਇਕੱਤਰਤਾ ਕਰਕੇ ਦੁਆ ਮੰਗੀ ਗਈ। ਮੁਸਲਿਮ ਫ਼ਰੰਟ ਪੰਜਾਬ ਦੇ ਚੇਅਰਮੈਨ ਡਾ. ਫਾਕੀਰ ਮੁਹੰਮਦ ਨੇ ਕਾਲੇ ਬਿੱਲਾਂ ਨੂੰ ਰੱਦ ਕਰਨ ,ਝੋਨੇ ਦੀ ਫ਼ਸਲ ਲਈ ਬਿਨ ਕੱਟ ਲਗਾਏ ਪੂਰੀ ਬਿਜਲੀ ਛੱਡਣ,ਜੰਮੂ ਕਸ਼ਮੀਰ ਵਿੱਚ ਅਗਵਾ ਕੀਤੀ ਸਿੱਖ ਕੁੜੀ ਦੀ ਬਾ-ਇੱਜ਼ਤ ਘਰ ਵਾਪਸੀ ਦੀ ਮੰਗ ਕੀਤੀ ਅਤੇ ਕਿਸਾਨ ਘੋਲ ਦੀ ਜਿੱਤ ਪ੍ਰਾਪਤੀ ਲਈ ਦੁਆ ਅਰਦਾਸ ਕੀਤੀ। ਇਸ ਮੌਕੇ ਮਨਸੂਰ ਆਲਮ, ਰਮਜ਼ਾਨ, ਸਵਲੂ, ਡਾ. ਮੁਹੰਮਦ ਅਵਤਾਰ, ਅਸਲਮ ਹਾਜ਼ਰ ਸਨ।