ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 25 ਜੁਲਾਈ
ਐੱਨਓਸੀ ਕਾਰਨ ਰਜਿਸਟਰੀਆਂ ਬੰਦ ਪਈਆਂ ਹਨ ਜਿਸ ਤੋਂ ਨਾਰਾਜ਼ ਲੈਂਡ ਡੀਲਰਜ਼ ਐਂਡ ਕਲੋਨਾਈਜ਼ਰ ਐਸੋਸੀਏਸ਼ਨ ਦੇ ਮੈਂਬਰਾਂ ਨੇ ਸੜਕਾਂ ’ਤੇ ਉਤਰ ਕੇ ‘ਆਪ’ ਸਰਕਾਰ ਖਿਲਾਫ਼ ਧਰਨਾ ਦਿੱਤਾ। ਇਸ ਦੌਰਾਨ ਐਸੋਸੀਏਸ਼ਨ ਦੇ ਮੈਂਬਰਾਂ ਨੇ ਕਿਹਾ ਕਿ ਐੱਨਓਸੀ ਤੋਂ ਬਿਨਾਂ ਰਜਿਸਟਰੀਆਂ ਬੰਦ ਹੋਣ ਨਾਲ ਜਿੱਥੇ ਸਰਕਾਰੀ ਖਜ਼ਾਨੇ ਨੂੰ ਨੁਕਸਾਨ ਹੋ ਰਿਹਾ ਹੈ, ਉੱਥੇ ਪ੍ਰਾਪਰਟੀ ਕਾਰੋਬਾਰੀਆਂ ਦਾ ਵਪਾਰ ਵੀ ਬੰਦ ਹੋ ਗਿਆ ਹੈ। ਐਸੋਸੀਏਸ਼ਨ ਦੇ ਮੈਂਬਰਾਂ ਨੇ ਇੱਥੇ ਸਬ ਰਜਿਸਟਰਾਰ ਦਫ਼ਤਰ ਲੁਧਿਆਣਾ ਪੂਰਬੀ ਦਾ ਘਿਰਾਓ ਵੀ ਕੀਤਾ ਤੇ ਐਲਾਨ ਕੀਤਾ ਕਿ ਬੁੱਧਵਾਰ ਨੂੰ ਡੀਸੀ ਦਫ਼ਤਰ ਲੁਧਿਆਣਾ ਦਾ ਘਿਰਾਓ ਕੀਤਾ ਜਾਵੇਗਾ।
ਦੱਸਣਯੋਗ ਹੈ ਕਿ ਐਸੋਸੀਏਸ਼ਨ ਨੇ ਦੋ ਦਿਨ ਪਹਿਲਾਂ ਇਕੱਠੇ ਹੋ ਕੇ ਸਰਕਾਰ ਤੋਂ ਮੰਗ ਕੀਤੀ ਸੀ ਕਿ ਰਜਿਸਟਰੀ ’ਤੇ ਐੱਨਓਸੀ ਦੀ ਸ਼ਰਤ ਨੂੰ ਖਤਮ ਕੀਤਾ ਜਾਵੇ ਤੇ ਵਧਾਏ ਗਏ ਕੁਲੈਕਟਰ ਭਾਅ ਘੱਟ ਕੀਤੇ ਜਾਣ। ਉਸੇ ਦਿਨ ਐਸੋਸੀਏਸ਼ਨ ਨੇ ਸਬ ਰਜਿਸਟਰਾਰ ਦਫ਼ਤਰ ਦੇ ਘਿਰਾਓ ਦਾ ਐਲਾਨ ਕੀਤਾ ਸੀ। ਸੋਮਵਾਰ ਸਵੇਰੇ 9 ਵਜੇ ਹੀ ਪ੍ਰਪਾਰਟੀ ਕਾਰੋਬਾਰੀ ਟ੍ਰਾਂਸਪੋਰਟ ਨਗਰ ਸਬ ਰਜਿਸਟਰਾਰ ਦਫ਼ਤਰ ਪੂਰਬੀ ਦੇ ਬਾਹਰ ਪੁੱਜੇ ਅਤੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਹਾਲਾਂਕਿ ਪ੍ਰਾਪਰਟੀ ਕਾਰੋਬਾਰੀਆਂ ਨੇ ਸਬ-ਰਜਿਸਟਰਾਰ ਦਫ਼ਤਰ ਦਾ ਕੰਮਕਾਜ ਨਹੀਂ ਰੋਕਿਆ। ਐਸੋਸੀਏਸ਼ਨ ਨੇ ਤਹਿਸੀਲ ਕਿਰਨਬੀਰ ਸਿੰਘ ਢਿੱਲੋਂ ਨੂੰ ਮੰਗ ਪੱਤਰ ਦਿੱਤਾ। ਐਸੋਸੀਏਸ਼ਨ ਦੇ ਪ੍ਰਧਾਨ ਗੁਰਮੀਤ ਸਿੰਘ ਮੁੰਡੀਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ 2022 ਤੱਕ ਦੀਆਂ ਸਾਰੀਆਂ ਨਾਜਾਇਜ਼ ਕਲੋਨੀਆਂ ਨੂੰ ਮੌਜੂਦਾ ਹਾਲਾਤ ’ਚ ਰੈਗੂਲਰ ਕੀਤਾ ਜਾਵੇ।
ਇਸ ਤੋਂ ਇਲਾਵਾ ਨਗਰ ਨਿਗਮ ’ਚ ਐਨਓਸੀ ਦੀ ਫੀਸ ਪ੍ਰਤੀ ਵਰਗ ਗਜ਼ 686 ਰੁਪਏ ਹੈ, ਜਿਸਨੂੰ ਘੱਟ ਕੀਤਾ ਜਾਵੇ। ਗਲਾਡਾ ਤੋਂ ਕਈ ਲੋਕਾਂ ਤੇ ਕਲੋਨਾਈਜ਼ਰਾਂ ਨੇ ਆਪਣੀਆਂ ਰਸੀਦਾਂ ਕਟਵਾਈਆਂ ਹਨ, ਉਨ੍ਹਾਂ ਨੂੰ ਐੱਨਓਸੀ ਮੰਨਿਆ ਜਾਵੇ। ਧਰਨੇ ’ਚ ਵੱਖ-ਵੱਖ ਜ਼ਿਲ੍ਹਿਆਂ ਦੇ ਪ੍ਰਾਪਰਟੀ ਕਾਰੋਬਾਰੀ ਸ਼ਾਮਲ ਹੋਏ। ਇਸ ਮੌਕੇ ਇਕਬਾਲ ਸਿੰਘ, ਗੁਰਮੀਤ ਸਿੰਘ, ਸੁਭਾਸ਼ ਕੁਮਾਰ ਵਰਮਾ, ਅਬਦੁੱਲ ਸ਼ਕੂਰ ਮਾਂਗਟ, ਜਗਦੀਸ਼ ਲਾਲ, ਰਾਜ ਕੁਮਾਰ ਸ਼ਰਮਾ, ਯਸ਼ਪਾਲ ਤੇ ਮੁਹੰਮਦ ਖਲੀਲ ਆਦਿ ਮੌਜੂਦ ਸਨ।