ਨਿੱਜੀ ਪੱਤਰ ਪੇ੍ਰਕ
ਫ਼ਿਰੋਜ਼ਪੁਰ,13 ਨਵੰਬਰ
ਸਥਾਨਕ ਸੀਆਈਏ ਸਟਾਫ਼ ਦੀ ਟੀਮ ਨੇ ਆਬਕਾਰੀ ਵਿਭਾਗ ਦੀ ਟੀਮ ਨਾਲ ਮਿਲ ਕੇ ਅੱਜ ਪਿੰਡ ਅਲੀ ਕੇ ਝੁੱਗੇ ਵਿਚ ਸਤਲੁਜ ਦਰਿਆ ਦੇ ਬੰਨ੍ਹ ’ਤੇ ਛਾਪਾ ਮਾਰਿਆ ਤੇ ਉਥੋਂ ਵੱਡੀ ਮਾਤਰਾ ਵਿਚ ਕੱਚੀ ਸ਼ਰਾਬ ਅਤੇ ਸ਼ਰਾਬ ਬਣਾਉਣ ਵਾਲਾ ਸਾਮਾਨ ਬਰਾਮਦ ਕੀਤਾ। ਸ਼ਰਾਬ ਕੱਢਣ ਦੇ ਦੋਸ਼ ਵਿਚ ਪੁਲੀਸ ਨੇ ਦੋ ਮੁਲਜ਼ਮ ਵੀ ਗ੍ਰਿਫ਼ਤਾਰ ਕੀਤੇ ਹਨ ਜਿਨ੍ਹਾਂ ਦੀ ਪਛਾਣ ਹਰਜਿੰਦਰ ਸਿੰਘ ਅਤੇ ਵੀਰੂ ਵਜੋਂ ਕੀਤੀ ਗਈ ਹੈ ਜੋ ਇਸੇ ਪਿੰਡ ਦੇ ਵਾਸੀ ਹਨ। ਆਬਕਾਰੀ ਵਿਭਾਗ ਦੇ ਇੰਸਪੈਕਟਰ ਪ੍ਰਭਦੀਪ ਸਿੰਘ ਵਿਰਕ ਨੇ ਦੱਸਿਆ ਕਿ ਆਬਕਾਰੀ ਵਿਭਾਗ ਨੂੰ ਮੁਖ਼ਬਰ ਪਾਸੋਂ ਇਸ ਸਬੰਧੀ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਸੀਨੀਅਰ ਅਧਿਕਾਰੀਆਂ ਦੇ ਨਿਰਦੇਸ਼ ’ਤੇ ਇਥੇ ਛਾਪਾ ਮਾਰਿਆ ਗਿਆ। ਇਸ ਦੌਰਾਨ 55 ਹਜ਼ਾਰ ਲਿਟਰ ਕੱਚੀ ਸ਼ਰਾਬ, ਸੱਤ ਡਰੰਮ, ਚਾਰ ਸਿਲਵਰ ਦੇ ਵੱਡੇ ਪਤੀਲੇ ਅਤੇ 35 ਤਰਪਾਲਾਂ ਵੀ ਬਰਾਮਦ ਕੀਤੀਆਂ ਹਨ। ਬਰਾਮਦਗੀ ਤੋਂ ਬਾਅਦ ਇਹ ਸ਼ਰਾਬ ਮੌਕੇ ’ਤੇ ਹੀ ਨਸ਼ਟ ਕਰ ਦਿੱਤੀ ਗਈ।
500 ਗ੍ਰਾਮ ਅਫੀਮ ਅਤੇ ਨਕਦੀ ਸਣੇ ਕਾਬੂ
ਅਬੋਹਰ (ਪੱਤਰ ਪ੍ਰੇਰਕ): ਥਾਣਾ ਖੂਈਆਂ ਸਰਵਰ ਪੁਲੀਸ ਨੇ ਇਕ ਵਿਅਕਤੀ ਨੂੰ 500 ਗ੍ਰਾਮ ਅਫੀਮ ਅਤੇ ਨਕਦੀ ਸਣੇ ਕਾਬੂ ਕੀਤਾ ਹੈ। ਫੜੇ ਗਏ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਜਾਣਕਾਰੀ ਮੁਤਾਬਕ ਸਬ ਇੰਸਪੈਕਟਰ ਪਰਗਟ ਸਿੰਘ ਪੁਲੀਸ ਪਾਰਟੀ ਸਣੇ ਪਿੰਡ ਕੱਲਰਖੇੜਾ ਨੇੜੇ ਗਸ਼ਤ ਕਰ ਰਹੇ ਸਨ। ਉਨ੍ਹਾਂ ਸਾਹਮਣੇ ਤੋਂ ਪਿੱਠੂ ਬੈਗ ਟੰਗੀ ਆ ਰਹੇ ਇਕ ਵਿਅਕਤੀ ਨੂੰ ਸ਼ੱਕ ਦੇ ਆਧਾਰ ’ਤੇ ਰੋਕ ਕੇ ਉਸ ਦੀ ਤਲਾਸ਼ੀ ਲਈ ਤਾਂ ਉਸ ਦੇ ਬੈਗ ’ਚੋਂ 500 ਗ੍ਰਾਮ ਅਫੀਮ ਅਤੇ 30 ਹਜ਼ਾਰ ਦੀ ਨਕਦੀ ਬਰਾਮਦ ਹੋਈ। ਫੜੇ ਗਏ ਵਿਅਕਤੀ ਦੀ ਪਛਾਣ ਕਮਲੇਸ਼ ਕੁਮਾਰ ਵਾਸੀ ਖਾਜੂਵਾਲਾ ਜ਼ਿਲ੍ਹਾ ਬੀਕਾਨੇਰ ਵਜੋਂ ਹੋਈ ਹੈ।