ਲਾਸ ਏਂਜਲਸ, 2 ਜੁਲਾਈ
ਅਕੈਡਮੀ ਆਫ ਮੋਸ਼ਨ ਪਿਕਚਰਜ਼ ਆਰਟਸ ਐਂਡ ਸਾਇੰਸਿਜ਼ (ਏਐੱਮਬੀਏਐੱਸ) ਨੇ ਇਸ ਸਾਲ ਬੌਲੀਵੁੱਡ ਅਦਾਕਾਰਾ ਵਿਦਿਆ ਬਾਲਨ, ਫਿਲਮਸਾਜ਼ ਏਕਤਾ ਕਪੂਰ ਅਤੇ ਉਸ ਦੀ ਮਾਂ ਸ਼ੋਭਾ ਕਪੂਰ ਸਣੇ 395 ਨਵੇਂ ਮੈਂਬਰਾਂ ਵਜੋਂ ਸੱਦਾ ਪੱਤਰ ਭੇਜੇ ਹਨ। ਆਸਕਰ ਅਕੈਡਮੀ ਦੀ ਵੈੱਬਸਾਈਟ ਅਨੁਸਾਰ ਇਸ ਵਾਰ 50 ਦੇਸ਼ਾਂ ਦੇ ਉਨ੍ਹਾਂ ਕਲਾਕਾਰਾਂ ਅਤੇ ਐਗਜ਼ੀਕਿਊਟਿਵਸ ਨੂੰ ਸੱਦਿਆ ਗਿਆ ਹੈ ਜਿਨ੍ਹਾਂ ਨੇ ‘ਥੀਏਟਰੀਕਲ ਮੋਸ਼ਨ ਪਿਕਚਰਜ਼’ ਲਈ ਯੋਗਦਾਨ ਪਾ ਕੇ ਨਾਮਣਾ ਖੱਟਿਆ ਹੈ।
ਜਾਣਕਾਰੀ ਅਨੁਸਾਰ ਹਾਲ ਹੀ ਵਿਚ ਐਮਾਜ਼ੋਨ ਪ੍ਰਾਈਮ ਵੀਡੀਓ ਮੂਵੀ ਉੱਤੇ ‘ਸ਼ੇਰਨੀ’ ਵਿੱਚ ਨਜ਼ਰ ਆਉਣ ਵਾਲੀ ਅਦਾਕਾਰਾ ਵਿਦਿਆ ਬਾਲਨ ਸਾਲ 2021 ਦੀ ਕਲਾਸ ਵਿੱਚ ਸ਼ਾਮਲ ਹੋਈ ਹੈ, ਜਿਸ ਵਿੱਚ ਹੌਲੀਵੁੱਡ ਹਸਤੀਆਂ ਜੈਨੇਟ ਜੈਕਸਨ, ਰੌਬਰਟ ਪੈਂਟੀਸਨ, ਐੱਚ.ਈ.ਆਰ., ਹੈਨਰੀ ਗੋਲਡਿੰਗ ਅਤੇ ਈਜ਼ਾ ਗੋਂਜ਼ਾਲੇਜ਼ ਮੌਜੂਦ ਹਨ। ਫ਼ਿਲਮ ‘ਦਿ ਡਰਟੀ ਪਿਕਚਰ, ਉਡਤਾ ਪੰਜਾਬ ਤੇ ਵਨਸ ਅਪੌਨ ਏ ਟਾਈਮ ਇੰਨ ਮੁੰਬਈ’ ਲਈ ਜਾਣੀ ਜਾਂਦੀ ਫਿਲਮਸਾਜ਼ ਮਾਂ-ਧੀ ਏਕਤਾ ਕਪੂਰ ਤੇ ਸ਼ੋਭਾ ਕਪੂਰ ਦੀ ਜੋੜੀ ਨਵੇਂ ਮੈਂਬਰਾਂ ਵਜੋਂ ਸ਼ਾਮਲ ਹੋਣ ਵਾਲੇ ਪ੍ਰੋਡਿਊਸਰਾਂ ਦੀ ਸੂਚੀ ਵਿੱਚ ਸ਼ਾਮਲ ਹਨ। ਆਕਸਰ ਲਈ ਨਾਮਜ਼ਦ ਯੁਹ-ਜੰਗ ਯੂ, ਏਮਰਾਲਡ ਫੇਨੈਲ, ਡੈਨ ਜਾਨਵੀ, ਮਾਰੀਆ ਬਾਕਾਲੋਵਾ, ਜੋਨ ਬੈਟਿਸਟ, ਆਂਦਰਾ ਡੇ, ਵੈਨੇਸਾ ਕਰਬੀ, ਦਾਰੀਸ ਮਾਰਡਰ, ਕ੍ਰਿਸਟਿਨਾ ਓਹ, ਕੈਂਪ ਪਾਵਰਸ, ਪਾਲ ਰਾਸੀ ਅਤੇ ਸਟੀਵਨ ਯੇਨ ਨੂੰ ਵੀ ਇਸ ਸਾਲ ਅਕੈਡਮੀ ਨੇ ਸੱਦਾ ਭੇਜਿਆ। ਜਾਣਕਾਰੀ ਅਨੁਸਾਰ ਇਸ ਤੋਂ ਪਹਿਲਾਂ ਭਾਰਤੀ ਸਿਨੇ ਜਗਤ ਦੇ ਸਿਤਾਰੇ ਤੇ ਆਸਕਰ ਜੇਤੂ ਏਆਰ ਰਹਿਮਾਨ, ਅਮਿਤਾਭ ਬੱਚਨ, ਸ਼ਾਹਰੁਖ ਖ਼ਾਨ, ਸਲਮਾਨ ਖਾਨ, ਪ੍ਰੋਡਿਊਸਰ ਆਦਿੱਤਿਆ ਚੋਪੜਾ ਅਤੇ ਗੁਨੀਤ ਮੋਂਗਾ ਆਸਕਰ ਅਕੈਡਮੀ ਦੇ ਮੈਂਬਰ ਹਨ। -ਪੀਟੀਆਈ