ਜੋਗਿੰਦਰ ਸਿੰਘ ਓਬਰਾਏ
ਖੰਨਾ, 17 ਅਕਤੂਬਰ
ਇਥੋਂ ਦੇ ਅਮਲੋਹ ਰੋਡ ਦੀ ਖਸਤਾ ਹਾਲਤ ਕਾਰਨ ਜਿੱਥੇ ਲੋਕਾਂ ਦਾ ਲੰਘਣਾ ਮੁਸ਼ਕਿਲ ਹੈ, ਉੱਥੇ ਸੜਕ ਤੋਂ ਉੱਡਦੀ ਧੂੜ ਨਾਲ ਲੋਕ ਗਰਦਾ ਫੱਕਣ ਲਈ ਮਜਬੂਰ ਹਨ। ਇਸ ਲਈ ਨਗਰ ਕੌਂਸਲ ਵੱਲੋਂ ਧੂੜ ਨੂੰ ਦਬਾਉਣ ਲਈ ਪਾਣੀ ਦਾ ਛਿੜਕਾਅ ਕੀਤਾ ਜਾਂਦਾ ਹੈ ਪਰ ਇਹ ਸਿਰਫ਼ ਐੱਸਡੀਐੱਮ ਅਤੇ ਪੁਲੀਸ ਅਧਿਕਾਰੀਆਂ ਦੀ ਅਮਲੋਹ ਰੋਡ ਸਥਿਤ ਸਰਕਾਰੀ ਰਿਹਾਇਸ਼ ਤੱਕ ਹੀ ਹੁੰਦਾ ਹੈ, ਜਦੋਂ ਕਿ ਇਸ ਤੋਂ ਅੱਗੇ ਸੜਕ ’ਤੇ ਸਾਰਾ ਦਿਨ ਧੂੜ ਉੱਡਦੀ ਹੈ। ਪੰਜਾਬ ਸਰਕਾਰ ਵੱਲੋਂ ਲੰਬੇ ਸਮੇਂ ਤੋਂ ਪਾਣੀ ਦੀ ਦੁਰਵਰਤੋਂ ਰੋਕਣ ਲਈ ਲਗਾਤਾਰ ਉਪਰਾਲੇ ਤੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਪਰ ਨਗਰ ਕੌਸਲ ਵੱਲੋਂ ਅਫ਼ਸਰਾਂ ਦੇ ਘਰਾਂ ਨੂੰ ਮਿੱਟੀ ਤੋਂ ਬਚਾਉਣ ਲਈ ਰੋਜ਼ਾਨਾ ਕਈ ਵਾਰ ਹਜ਼ਾਰਾਂ ਲਿਟਰ ਪਾਣੀ ਬਰਬਾਦ ਕੀਤਾ ਜਾਂਦਾ ਹੈ।
ਇਸ ਸਬੰਧੀ ਜਦੋਂ ਨਗਰ ਕੌਸਲ ਦੇ ਈਓ ਚਰਨਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਰੋਜ਼ਾਨਾ ਸਵੇਰੇ-ਸ਼ਾਮ ਪਾਣੀ ਦਾ ਛਿੜਕਾਅ ਕੀਤਾ ਜਾਂਦਾ ਹੈ। ਜਿੱਥੇ ਤੱਕ ਸੜਕ ਦੀ ਮਾੜੀ ਹਾਲਤ ਹੈ, ਹੁਣ ਉੱਥੇ ਵੀ ਕਰਵਾ ਦਿੱਤਾ ਜਾਵੇਗਾ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਐਡਵੋਕੇਟ ਬਰਿੰਦਰ ਡੈਵਿਟ ਨੇ ਕਿਹਾ ਕਿ ਪ੍ਰਸ਼ਾਸਨ ਲੋਕਾਂ ਦੀ ਭਲਾਈ ਦੇ ਕੰਮ ਕਰਨ ਲਈ ਹੁੰਦਾ ਹੈ, ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਪਹਿਲ ਦੇ ਅਧਾਰ ਤੇ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੌਂਸਲ ਨੂੰ ਚਾਹੀਦਾ ਹੈ ਕਿ ਸਿਰਫ਼ ਅਹੁਦੇ ਦੇਖ ਕੇ ਸਹੂਲਤ ਨਾ ਦੇਣ, ਸਗੋਂ ਆਮ ਲੋਕਾਂ ਦੀ ਭਲਾਈ ਲਈ ਵੀ ਯੋਗ ਕਦਮ ਚੁੱਕਣ।