ਪੱਤਰ ਪ੍ਰੇਰਕ
ਜੀਂਦ, 30 ਮਾਰਚ
ਨਵੇਂ ਖੇਤੀ ਕਾਨੂੰਨਾਂ ਨੂੰ ਲੈ ਕੇ ਪਿੰਡ ਬੱਦੋਵਾਲ ਦੇ ਟੌਲ ਪਲਾਜ਼ੇ ਉੱਤੇ ਕਿਸਾਨਾਂ ਦਾ ਧਰਨਾ ਲਗਾਤਾਰ ਜਾਰੀ ਹੈ। ਇਸ ਧਰਨੇ ਵਿੱਚ ਅੱਜ ਕਿਸਾਨ ਮਹਿਲਾਵਾਂ ਜ਼ਿਆਦਾ ਗਿਣਤੀ ਵਿੱਚ ਦਿਖਾਈ ਦੇ ਰਹੀਆਂ ਹਨ। ਕਿਸਾਨ ਨੇਤਾ ਹੁਸ਼ਿਆਰ ਸਿੰਘ ਨੇ ਕਿਹਾ ਕਿ ਅਪਣੇ ਖੇਤਾਂ ਨੂੰ ਬਚਾਉਣ ਲਈ ਕਿਸਾਨਾਂ ਨੇ ਠੰਢ ਦੇ ਦੌਰਾਨ ਪਾਣੀ ਦੀਆਂ ਬੁਛਾਰਾਂ ਦੀ ਪ੍ਰਵਾਹ ਨਹੀਂ ਕੀਤੀ ਤੇ ਹੁਣ ਗਰਮੀ ਦੇ ਮੌਸਮ ਤੋਂ ਕਿਸਾਨ ਕਿਵੇਂ ਘਬਰਾ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਜੇ ਕੇਂਦਰ ਸਰਕਾਰ ਖੇਤੀ ਕਾਨੂੰਨ ਰੱਦ ਨਹੀਂ ਕਰਨ ਦੀ ਗੱਲ ਤੈਅ ਕਰ ਚੁੱਕੀ ਹੈ ਤਾਂ ਕਿਸਾਨ ਵੀ ਤੈਅ ਕਰ ਚੁੱਕੇ ਹਨ ਕਿ ਜਦੋਂ ਤੱਕ ਸਰਕਾਰ ਇਨ੍ਹਾਂ ਕਾਨੂੰਨਾਂ ਨੂੰ ਰੱਦ ਨਹੀਂ ਕਰਦੀ, ਕਿਸਾਨਾਂ ਦਾ ਅੰਦੋਲਨ ਬਰਕਰਾਰ ਰਹੇਗਾ। ਕਿਸਾਨ ਸਾਂਤੀਪੂਰਬਕ ਆਪਣਾ ਅੰਦੋਲਨ ਚਲਾ ਰਹੇ ਹਨ। ਉਨ੍ਹਾਂ ਕਿਹਾ ਕਿ ਕਣਕ ਦੇ ਸੀਜਨ ਵਿੱਚ ਹੁਣ ਕਿਸਾਨਾਂ ਦੇ ਖੇਤਾਂ ਵਿੱਚ ਕਣਕ ਦੀ ਫਸਲ ਪੱਕ ਗਈ ਹੈ ਤੇ ਅਜਿਹੇ ਵਿੱਚ ਕਿਸਾਨਾਂ ਨੂੰ ਅੰਦੋਲਨ ਦੇ ਨਾਲ-ਨਾਲ ਕਣਕ ਦੀ ਫਸਲ ਨੂੰ ਵੀ ਸੰਭਾਲਣਾ ਪਵੇਗਾ ਤਾਂ ਕਿ ਧਰਨੇ ਉੱਤੇ ਰਣਨੀਤੀ ਵੀ ਬਣਾਈ ਜਾ ਸਕੇ ਅਤੇ ਕਿਸਾਨਾਂ ਦਾ ਨੁਕਸਾਨ ਵੀ ਨਾ ਹੋਵੇ। ਉਨ੍ਹਾਂ ਕਿਹਾ ਕਿ ਹੁਣ ਹਰ ਵਰਗ ਦਾ ਵਿਅਕਤੀ ਇਸ ਅੰਦੋਲਨ ਨਾਲ ਜੁੜ ਚੁੱਕਿਆ ਹੈ। ਇਸ ਦਾ ਉਦਾਹਰਣ 26 ਮਾਰਚ ਦੇ ਭਾਰਤ ਬੰਦ ਦੌਰਾਨ ਵੇਖਣ ਨੂੰ ਮਿਲਿਆ। ਇਸ ਮੌਕੇ ਕੇਂਦਰ ਤੇ ਹਰਿਆਣਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਹੋਈ।