ਪੰਜਾਬੀ ਟ੍ਰਿਬਿਊਨ ਵੈੱਬ ਡੈੱਸਕ
ਚੰਡੀਗੜ੍ਹ, 30 ਮਾਰਚ
ਅੱਜ ਪਟਿਆਲਾ ਵਿੱਚ ਵੱਖ ਵੱਖ ਵਿਦਿਆਰਥੀ ਜਥੇਬੰਦੀਆਂ ਨੇ ਸਕੂਲ, ਕਾਲਜ, ਯੂਨੀਵਰਸਿਟੀਆਂ ਤੇ ਹੋਰ ਵਿਦਿਅਕ ਅਦਾਰੇ ਖੁੱਲ੍ਹਵਾਉਣ ਲਈ ਪ੍ਰਦਰਸ਼ਨ ਕੀਤਾ। ਜਥੇਬੰਦੀਆਂ ਨੇ ਕਿਹਾ ਕਿ ਆਨਲਾਈਨ ਪੜ੍ਹਾਈ ਨਾਲ ਵਿਦਿਆਰਥੀਆਂ ਦੀ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਮੇਲਿਆਂ, ਸਿਆਸੀ ਕਾਰਫਰੰਸਾਂ ਤੇ ਬੱਸਾਂ ਵਿੱਚ ਲੋਕ ਇਕ ਦੂਜੇ ਨਾਲ ਖਹਿ ਰਹੇ ਹਨ ਤਾਂ ਵਿਦਿਅਕ ਸੰਸਥਾਵਾਂ ਨੂੰ ਕਰੋਨਾ ਦਾ ਭੈਅ ਦਿਖਾ ਕੇ ਬੰਦ ਕਿਉਂ ਕੀਤਾ ਗਿਆ ਹੈ।
ਸੰਗਤ ਮੰਡੀ (ਧਰਮਪਾਲ ਸਿੰਘ ਤੂਰ): ਪੰਜਾਬ ਦੀਆਂ 9 ਵਿਦਿਆਰਥੀ ਜਥੇਬੰਦੀਆਂ ਵੱਲੋਂ ਵਿੱਦਿਅਕ ਅਦਾਰੇ ਖੁੱਲ੍ਹਵਾਉਣ ਲਈ ਤਹਿਸੀਲ ਅਤੇ ਜ਼ਿਲ੍ਹਾ ਹੈਡਕੁਆਰਟਰਾਂ ‘ਤੇ ਕੀਤੇ ਜਾਣ ਵਾਲੇ ਪ੍ਰਦਰਸ਼ਨਾਂ ‘ਚ ਅੱਜ ਵਿਦਿਆਰਥੀ ਏਕਤਾ ਕਮੇਟੀ ਪੰਜਾਬੀ ਯੂਨੀਵਰਸਿਟੀ ਕਾਲਜ ਘੁੱਦਾ ਦੇ ਵਿਦਿਆਰਥੀਆਂ ਵੱਲੋਂ ਸਬ ਤਹਿਸੀਲ ਸੰਗਤ ਅੱਗੇ ਪ੍ਰਦਰਸ਼ਨ ਕੀਤਾ ਗਿਆ। ਇਸ ਤੋਂ ਬਾਅਦ ਸੰਗਤ ਮੰਡੀ ਦੇ ਨਾਇਬ ਤਹਿਸੀਲਦਾਰ ਰਾਹੀਂ ਮੁੱਖ ਮੰਤਰੀ ਦੇ ਨਾਂ ਮੰਗ ਪੱਤਰ ਭੇਜਿਆ। ਇਸ ਮੌਕੇ ਵਿਦਿਆਰਥੀ ਏਕਤਾ ਕਮੇਟੀ ਦੇ ਆਗੂ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਆਨਲਾਈਨ ਪੜ੍ਹਾਈ ਦਾ ਆਦੇਸ਼ ਵਿਦਿਆਰਥੀਆਂ ਦੇ ਪੱਖ ਵਿੱਚ ਨਹੀਂ ਹੈ। ਪ੍ਰਦਰਸ਼ਨ ਦੌਰਾਨ ਵਿਦਿਆਰਥੀ ਆਗੂ ਕਮਲਜੀਤ ਕੌਰ, ਅਰਸ਼ਦੀਪ ਕੌਰ, ਪਰਵਿੰਦਰ ਕੌਰ, ਕੇਸ਼ਵ ਕੁਮਾਰ, ਸੁਖਬੀਰ ਸਿੰਘ, ਸੁਖਪ੍ਰੀਤ ਸਿੰਘ, ਅਕਾਸ਼ਦੀਪ ਸਿੰਘ, ਨਿਰਮਲ ਸਿੰਘ ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ ਕੁਲਵੰਤ ਰਾਏ ਸ਼ਰਮਾ ਅਤੇ ਨੌਜਵਾਨ ਭਾਰਤ ਸਭਾ ਦੇ ਆਗੂ ਜਸਕਰਨ ਕੋਟਗੁਰੂ ਸ਼ਾਮਲ ਸਨ।