ਸ਼ਗਨ ਕਟਾਰੀਆ
ਬਠਿੰਡਾ, 31 ਜੁਲਾਈ
ਸਰਵ ਸਿੱਖਿਆ ਮੁਹਿੰਮ ਤਹਿਤ ਕੰਮ ਕਰਦੇ ਕਾਮੇ ਲੂਣ ਦੀਆਂ ਥੈਲੀਆਂ ਲੈ ਕੇ ਇੱਥੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਦਫ਼ਤਰ ਅੱਗੇ ਆਪਣੇ ਦਰਦ ਫ਼ਰੋਲਣ ਪਹੁੰਚੇ। ਭਾਵੇਂ ਪੁਲੀਸ ਵੱਲੋਂ ਲਾਈਆਂ ਰੋਕਾਂ ਕਰਕੇ ਉਹ ਦਫ਼ਤਰ ਤੱਕ ਨਾ ਪਹੁੰਚ ਸਕੇ ਪਰ ਉਨ੍ਹਾਂ ਆਪਣੀਆਂ ਨੌਕਰੀਆਂ ਪੱਕੀਆਂ ਕਰਨ ਦੀ ਮੰਗ ਲਈ ਵਿਲੱਖਣ ਪ੍ਰਦਰਸ਼ਨ ਕਰਦਿਆਂ ਕਿਹਾ ਕਿ ਚੌਦਾਂ ਸਾਲਾਂ ਤੋਂ ਰਿਸਦੇ ਜ਼ਖ਼ਮਾਂ ਨੂੰ ਜੇ ਵਜ਼ੀਰ ਸਾਹਬ ਮੱਲ੍ਹਮ ਨਹੀਂ ਲਾ ਸਕਦੇ ਤਾਂ ਉਨ੍ਹਾਂ ’ਤੇ ਲੂਣ ਹੀ ਭੁੱਕ ਦੇਣ। ਉਨ੍ਹਾਂ ਆਖਿਆ,‘ਜੇ ਸਾਡੀਆਂ ਚੀਕਾਂ ਕਢਵਾ ਕੇ ਹੀ ਹਕੂਮਤ ਨੂੰ ਖ਼ੁਸ਼ੀ ਮਿਲਦੀ ਹੈ ਤਾਂ ਸਾਡੇ ਫੱਟਾਂ ’ਤੇ ਲੂਣ ਛਿੜਕ ਕੇ ਹਾਕਮ ਆਪਣੀ ਹਸਰਤ ਪੂਰੀ ਕਰ ਲੈਣ।
ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਦੀਪਕ ਬਾਂਸਲ ਨੇ ਕਿਹਾ ਕਿ ਸਰਵ ਸਿੱਖਿਆ ਅਭਿਆਨ/ਮਿਡ-ਡੇਅ ਮੀਲ ਦਫ਼ਤਰੀ ਕਰਮਚਾਰੀ ਯੂਨੀਅਨ ਦੇ ਪ੍ਰਦਰਸ਼ਨਕਾਰੀ ਵਰਕਰਾਂ ਨੇ ਕਿਹਾ ਕਿ ਬਾਰਾਂ ਸਾਲਾਂ ਬਾਅਦ ਤਾਂ ਰੂੜੀ ਦੀ ਵੀ ਸੁਣੀ ਜਾਂਦੀ ਹੈ ਪਰ ਉਹ 14 ਸਾਲਾਂ ਤੋਂ ਸਰਕਾਰਾਂ ਅੱਗੇ ਸੇਵਾਵਾਂ ਰੈਗੂਲਰ ਕਰਨ ਲਈ ਤਰਲੇ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਨੌਕਰੀ ਕਰਕੇ ਜੋ ਮਾਮੂਲੀ ਮਿਹਨਤਾਨਾ ਮਿਲਦਾ ਹੈ, ਉਸ ਨਾਲ ਅਜੋਕੀ ਮਹਿੰਗਾਈ ’ਚ ਇਕ ਜੀਅ ਦਾ ਵੀ ਗੁਜ਼ਾਰਾ ਮੁਸ਼ਕਲ ਨਾਲ ਹੋ ਸਕਦਾ ਹੈ ਪਰ ਆਪਣੇ ਬਾਕੀ ਪਰਿਵਾਰ ਦਾ ਢਿੱਡ ਉਹ ਕਿੱਥੋਂ ਭਰਨ? ਉਨ੍ਹਾਂ ਕਿਹਾ ਕਿ ਮਨਪ੍ਰੀਤ ਸਿੰਘ ਬਾਦਲ ਨੇ ਵੀ ਕੈਪਟਨ ਸਰਕਾਰ ਦੇ ਸੱਤਾ ’ਚ ਆਉਣ ਤੋਂ ਪਹਿਲਾਂ ਭਰੋਸਾ ਦਿੱਤਾ ਸੀ ਕਿ ਉਨ੍ਹਾਂ ਦੀ ਸਰਕਾਰ ਦੀ ਤਰਜੀਹ ਮੰਗਾਂ ਦੀ ਪੂਰਤੀ ਹੋਵੇਗੀ ਪਰ ਸਾਢੇ ਚਾਰ ਸਾਲ ਲੰਘਣ ’ਤੇ ਵੀ ਮਸਲਾ ਜਿਉਂ ਦਾ ਤਿਉਂ ਬਰਕਰਾਰ ਹੈ। ਉਹ ਨਾਅਰੇ ਲਾ ਰਹੇ ਸਨ ‘ਕੱਚੇ ਮੁਲਾਜ਼ਮਾਂ ਦੀ ਮਾੜੀ ਜੂਨ, ਸਰਕਾਰ ਜ਼ਖ਼ਮਾਂ ’ਤੇ ਪਾਉਂਦੀ ਲੂਣ’, ‘ਦਫ਼ਤਰੀ ਮੁਲਾਜ਼ਮਾਂ ਦੀ ਇਹੀ ਪੁਕਾਰ, ਰੈਗੂਲਰ ਕਰੇ ਕਾਂਗਰਸ ਸਰਕਾਰ’, ‘ਕਾਂਗਰਸ ਦਾ ਕਪਤਾਨ, ਝੂਠ ਦੀ ਦੁਕਾਨ’ ਆਦਿ।
ਵਿੱਤ ਮੰਤਰੀ ਦੇ ਦਫ਼ਤਰ ਦੀ ਕਿਲਾਬੰਦੀ
ਸ਼ਗਨ ਕਟਾਰੀਆ
ਬਠਿੰਡਾ, 31 ਜੁਲਾਈ
ਵਿਧਾਨ ਸਭਾ ਚੋਣਾਂ ਜਿਉਂ-ਜਿਉਂ ਨੇੜੇ ਆ ਰਹੀਆਂ ਹਨ, ‘ਵੀਆਈਪੀ’ ਹਲਕੇ ਬਠਿੰਡਾ ’ਚ ਪ੍ਰਦਰਸ਼ਨਾਂ ਦਾ ਦੌਰ ਮਘਦਾ ਜਾ ਰਿਹਾ ਹੈ। ਪ੍ਰਸ਼ਾਸਨ ਨੇ ਅਜਿਹੇ ਪ੍ਰਦਰਸ਼ਨਾਂ ਤੋਂ ਬਚਾਉਣ ਲਈ ਇੱਥੇ ਬਠਿੰਡਾ ਰੋਡ ’ਤੇ ਸਥਿਤ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਦਫ਼ਤਰ ਅੱਗੇ ਬੈਰੀਕੇਡਾਂ ਦਾ ਝੁੰਡ ਪੱਕੇ ਤੌਰ ’ਤੇ ਖੜ੍ਹਾ ਕਰ ਦਿੱਤਾ ਹੈ।
ਚੋਣਾਂ ਵਕਤ ਮੰਗਾਂ ਦੀ ਪੂਰਤੀ ਲਈ ਸੰਘਰਸ਼ੀ ਸੰਗਠਨਾਂ ਦੇ ਅਖਾੜੇ ਬਠਿੰਡਾ ’ਚ ਭਖ਼ ਜਾਂਦੇ ਹਨ। ਬਠਿੰਡੇ ’ਚ ਪ੍ਰਦਰਸ਼ਨਾਂ ਦਾ ਦੌਰ ਕਾਫ਼ੀ ਵਧ ਜਾਂਦਾ ਹੈ। ਉਂਜ ਜਦ ਤੋਂ ਨਵਜੋਤ ਸਿੰਘ ਸਿੱਧੂ ਪੰਜਾਬ ਕਾਂਗਰਸ ਦੇ ਪ੍ਰਧਾਨ ਬਣੇ ਹਨ, ਉਸ ਤੋਂ ਬਾਅਦ ਦੀ ਖਾਸ ਗੱਲ ਹੈ ਕਿ ਜਥੇਬੰਦੀਆਂ ਵੱਲੋਂ ਕੈਪਟਨ ਤੇ ਸਿੱਧੂ ਦੇ ਸ਼ਹਿਰ ਪਟਿਆਲੇ ਨੂੰ ਆਪਣੀਆਂ ਸਰਗਰਮੀਆਂ ਦਾ ਵਿਸ਼ੇਸ਼ ਕੇਂਦਰੀ ਬਿੰਦੂ ਬਣਾਇਆ ਹੋਇਆ ਹੈ।
ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀਆਂ ਗੇੜੀਆਂ ਵੀ ਬਠਿੰਡਾ ’ਚ ਇਨ੍ਹੀਂ ਦਿਨੀਂ ਵਧੀਆਂ ਹੋਈਆਂ ਹਨ। ਵਿਖਾਵਾਕਾਰੀਆਂ ਵੱਲੋਂ ਘਿਰਾਓ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰਨ ਅਤੇ ਦਫ਼ਤਰ ਦੇ ਕਿਸੇ ਸੰਭਾਵੀ ਨੁਕਸਾਨ ਨੂੰ ਰੋਕਣ ਲਈ ਪੁਲੀਸ ਨੇ ਸੁਰੱਖਿਆ ਕਵਚ ’ਚ ਸਖ਼ਤ ਕਰੜਾਈ ਕਰ ਦਿੱਤੀ ਹੈ।