ਹਰਜੀਤ ਸਿੰਘ
ਜ਼ੀਰਕਪੁਰ, 25 ਜੁਲਾਈ
ਨਗਰ ਕੌਂਸਲ ਵੱਲੋਂ ਅੱਜ ਨਗਲਾ ਰੋਡ ’ਤੇ ਬਣੇ ਛੇ ਸ਼ੋਅਰੂਮਾਂ ਦੇ ਬਾਹਰੋਂ ਨਾਜਾਇਜ਼ ਕਬਜ਼ੇ ਹਟਾਏ ਗਏ। ਕੌਂਸਲ ਵੱਲੋਂ ਇਸ ਕਾਰਵਾਈ ਦੀ ਅਗਵਾਈ ਬਿਲਡਿੰਗ ਇੰਸਪੈਕਟਰ ਨਿਰਦੋਸ਼ ਸ਼ਰਮਾ ਵੱਲੋਂ ਕੀਤੀ ਗਈ ਜਿਨ੍ਹਾਂ ਨੇ ਜੇਸੀਬੀ ਦੀ ਮਦਦ ਨਾਲ ਸ਼ੋਅਰੂਮ ਮਾਲਕਾਂ ਵੱਲੋਂ ਕੀਤੀ ਉਸਾਰੀ ਤੋੜੀ। ਕੌਂਸਲ ਦੇ ਬਿਲਡਿੰਗ ਇੰਸਪੈਕਟਰ ਨਿਰਦੋਸ਼ ਸ਼ਰਮਾ ਨੇ ਦੱਸਿਆ ਕਿ ਨਗਲਾ ਰੋਡ ’ਤੇ ਵੱਖ-ਵੱਖ ਛੇ ਮਾਲਕਾਂ ਵੱਲੋਂ ਛੇ ਸ਼ੋਅਰੂਮਾਂ ਦੀ ਉਸਾਰੀ ਕੀਤੀ ਗਈ ਸੀ। ਜਦ ਉਨ੍ਹਾਂ ਵੱਲੋਂ ਮੌਕੇ ’ਤੇ ਜਾ ਕੇ ਦੇਖਿਆ ਗਿਆ ਤਾਂ ਮਾਲਕਾਂ ਵੱਲੋਂ ਸ਼ੋਅਰੂਮ ਦੇ ਬਾਹਰ ਪਾਰਕਿੰਗ ਵਾਲੀ ਥਾਂ ’ਤੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਸੀ। ਸ਼ੋਅਰੂਮ ਮਾਲਕਾਂ ਵੱਲੋਂ ਸ਼ੋਅਰੂਮ ਦੇ ਬਾਹਰ ਪਾਰਕਿੰਗ ਲਈ ਰਾਖਵੀਂ ਥਾਂ ’ਤੇ ਪੌੜੀਆਂ ਸਣੇ ਹੋਰ ਨਾਜਾਇਜ਼ ਉਸਾਰੀ ਕੀਤੀ ਗਈ ਸੀ ਜਿਸ ਨੂੰ ਅੱਜ ਢਾਹ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਮਾਲਕਾਂ ਨੂੰ ਸ਼ੋਅਰੂਮ ਸਬੰਧੀ ਦਸਤਾਵੇਜ ਪੇਸ਼ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਦਸਤਾਵੇਜ਼ ਦੇਖਣ ਤੋਂ ਬਾਅਦ ਪਤਾ ਲੱਗੇਗਾ ਕਿ ਮਾਲਕਾਂ ਵੱਲੋਂ ਨਕਸ਼ਾ ਪਾਸ ਕਰਵਾਇਆ ਗਿਆ ਹੈ ਜਾਂ ਨਹੀਂ ਅਤੇ ਜੇ ਨਕਸ਼ਾ ਪਾਸ ਹੈ ਤਾਂ ਉਸਾਰੀ ਨਕਸ਼ੇ ਮੁਤਾਬਕ ਕੀਤੀ ਗਈ ਹੈ ਜਾਂ ਨਹੀਂ।