ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 17 ਅਕਤੂਬਰ
ਉੱਘੇ ਪੰਜਾਬੀ ਲੇਖਕ, ਸ਼੍ਰੋਮਣੀ ਸਾਹਿਤਕਾਰ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਡੀਨ ਅਕਾਦਮਿਕ ਤੇ ਭਾਸ਼ਾਵਾਂ ਡਾ. ਕੁਲਦੀਪ ਸਿੰਘ ਧੀਰ, ਦਾ ਲੰਘੀ ਰਾਤ ਅਚਾਨਕ ਦੇਹਾਂਤ ਹੋ ਗਿਆ। ਅੱਜ ਬਾਅਦ ਦੁਪਹਿਰ ਉਨ੍ਹਾਂ ਦਾ ਸਸਕਾਰ ਕਰ ਦਿੱਤਾ ਗਿਆ। ਦੱਸਣਯੋਗ ਹੈ ਕਿ ਡਾ. ਧੀਰ ਨੇ ਪੰਜਾਬੀ ਸਾਹਿਤ ਦੀ ਝੋਲੀ ’ਚ ਵੱਡਮੁਲਾ ਸਾਹਿਤ ਪਾਇਆ ਹੈ, ਖਾਸ ਕਰ ਕੇ ਵਿਗਿਆਨ ਵਿਸ਼ਿਆਂ ਬਾਰੇ ਲਿਖਿਆ ਸਾਹਿਤ ਹਰ ਪੱਖ ਤੋਂ ਪ੍ਰਵਾਨ ਵੀ ਚੜ੍ਹਿਆ। ਉਨ੍ਹਾਂ ਵਿਚ ਪੰਜਾਬੀ ਭਾਸ਼ਾ ’ਚ ਵਿਗਿਆਨ ਦੇ ਸ਼ਬਦਾਂ ਨੂੰ ਸੌਖੇ ਤੇ ਸਰਲ ਢੰਗ ਨਾਲ ਪੇਸ਼ ਕਰਨ ਦੀ ਵਿਲੱਖਣ ਕਲਾ ਸੀ। ਉਨ੍ਹਾਂ ਪੰਜਾਬੀ ਸਾਹਿਤ ਜਗਤ ਦੀ ਝੋਲੀ ਵੱਖ-ਵੱਖ ਵਿਧਾਂ ’ਚ 40 ਤੋਂ ਵੱਧ ਪੁਸਤਕਾਂ ਦਾ ਯੋਗਦਾਨ ਪਾਇਆ। ਪੰਜਾਬੀ ਅਖ਼ਬਾਰਾਂ ਤੇ ਰਸਾਲਿਆਂ ਵਿਚ ਵੀ ਉਨ੍ਹਾਂ ਵੱਖਰੀ ਪਛਾਣ ਕਾਇਮ ਕੀਤੀ।
ਅੱਜ ਉਨ੍ਹਾਂ ਦੀ ਮ੍ਰਿਤਕ ਦੇਹ ਦਾ ਇੱਥੇ ਬੀਰ ਜੀ ਸ਼ਮਸ਼ਾਨ ਘਾਟ ’ਚ ਸਸਕਾਰ ਕਰ ਦਿੱਤਾ ਗਿਆ। ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਸ਼ੋਕ ਸਭਾ ਦੌਰਾਨ ਡਾ. ਧੀਰ ਨੂੰ ਅਕੀਦਤ ਦੇ ਫੁੱਲ ਅਰਪਿਤ ਕੀਤੇ ਗਏ।
ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ
ਚੰਡੀਗੜ੍ਹ (ਪੱਤਰ ਪ੍ਰੇਰਕ): ਉੱਘੇ ਪੰਜਾਬੀ ਲੇਖਕ, ਚਿੰਤਕ, ਆਲੋਚਕ ਅਤੇ ਗਿਆਨ-ਸਾਹਿਤ ਦੇ ਮਾਹਿਰ ਡਾ. ਕੁਲਦੀਪ ਸਿੰਘ ਧੀਰ ਦੇ ਸਦੀਵੀ ਵਿਛੋੜੇ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਤੇ ਜਨਰਲ ਸਕੱਤਰ ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਡਾ. ਧੀਰ ਦਾ ਵਿਛੋੜਾ ਪੰਜਾਬੀ ਸਾਹਿਤ ਲਈ ਵੱਡਾ ਘਾਟਾ ਹੈ। ਉਨ੍ਹਾਂ ਪੰਜਾਬੀ ਵਿੱਚ ਨਾਟ-ਸਾਹਿਤ, ਗੁਰਬਾਣੀ ਅਤੇ ਸਿੱਖ ਧਰਮ ਦਰਸ਼ਨ ਬਾਰੇ ਮਹੱਤਵਪੂਰਨ ਆਲੋਚਨਾ ਪੁਸਤਕਾਂ ਲਿਖੀਆਂ। ਉਨ੍ਹਾਂ ਦੇ ਲਿਖੇ ਸਾਹਿਤਕ ਰੇਖਾ-ਚਿੱਤਰ ਅਤੇ ਵਿਗਿਆਨੀਆਂ ਦੇ ਜੀਵਨ ਬੜੇ ਮਕਬੂਲ ਹੋਏ।