ਪਾਲ ਸਿੰਘ ਨੌਲੀ
ਜਲੰਧਰ, 28 ਮਾਰਚ
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਅੱਜ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਅਤੇ ਹੋਰ ਕਿਸਾਨਾਂ ਤੇ ਮਜ਼ਦੂਰਾਂ ਨੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਹੋਲੀ ਦਾਹਿਨ ਕੀਤਾ। ਕਿਸਾਨ ਜਦੋਂ ਖੇਤੀ ਕਾਨੂੰਨ ਦੀਆਂ ਕਾਪੀਆਂ ਫੂਕਣ ਆਏ ਤਾਂ ਉਨ੍ਹਾ ਨੂੰ ਸ਼ਹਿਰ ਵਿੱਚ ਭਾਜਪਾ ਵੱਲੋਂ ਕਿਸਾਨਾਂ ਵਿਰੁੱਧ ਲਾਏ ਧਰਨੇ ਦਾ ਪਤਾ ਲੱਗਾ ਤਾਂ ਉਹ ਭਾਜਪਾਈਆਂ ਦੇ ਧਰਨੇ ਵਿੱਚ ਜਾਣ ਦੀ ਜਿੱਦ ਕਰਨ ਲੱਗ ਪਏ। ਉਥੇ ਕਿਸਾਨਾਂ ਤੇ ਪੁਲੀਸ ਦੀ ਆਪਸ ਵਿੱਚ ਖਿੱਚਧੂਹ ਹੁੰਦੀ ਰਹੀ। ਬੀਕੀਯੂ ਰਾਜੇਵਾਲ ਦੇ ਮੁਖ ਬੁਲਾਰੇ ਕਸ਼ਮੀਰ ਸਿੰਘ ਤੇ ਯੂਥ ਵਿੰਗ ਦੇ ਪ੍ਰਧਾਨ ਅਮਰਜੋਤ ਸਿੰਘ ਨੂੰ ਪੁਲੀਸ ਨੇ ਕਾਫ਼ੀ ਸਮਾਂ ਫੜੀ ਰੱਖਿਆ ਤੇ ਭਾਜਪਾ ਆਗੂਆਂ ਵੱਲੋਂ ਲਾਏ ਧਰਨੇ ਵੱਲ ਨਹੀਂ ਜਾਣ ਦਿੱਤਾ।
ਬੀਕੇਯੂ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਮਨਦੀਪ ਸਿੰਘ ਸਮਰਾ ਦੀ ਅਗਵਾਈ ਹੇਠ ਗੁਰੂ ਨਾਨਕ ਮਿਸ਼ਨ ਚੌਕ ਵਿੱਚ ਕੀਤੇ ਗਏ ਰੋਸ ਪ੍ਰਦਰਸ਼ਨ ਦੌਰਾਨ ਕਿਸਾਨਾਂ ਨੇ ਇਕਜੁੱਟ ਹੁੰਦਿਆਂ ਕਿਹਾ ਕਿ ਦਿੱਲੀ ਦੀਆਂ ਬਰੂਹਾਂ ’ਤੇ ਕਿਸਾਨ ਅਤੇ ਮਜ਼ਦੂਰ ਪਿਛਲੇ ਚਾਰ ਮਹੀਨਿਆਂ ਤੋਂ ਖੇਤੀ ਕਾਨੂੰਨਾਂ ਖ਼ਿਲਾਫ਼ ਲੜਾਈ ਲੜ ਰਹੇ ਹਨ। ਇਸ ਸੰਘਰਸ਼ ਦੌਰਾਨ ਹੁਣ ਤੱਕ 320 ਕਿਸਾਨ ਆਪਣੀਆਂ ਜਾਨਾਂ ਵਾਰ ਚੁੱਕੇ ਹਨ। ਜੱਥੇਬੰਦੀ ਦੇ ਯੂਥ ਵਿੰਗ ਦੇ ਪ੍ਰਧਾਨ ਅਮਰਜੋਤ ਸਿੰਘ ਜੰਡਿਆਲਾ ਨੇ ਕਿਹਾ ਕਿ ਮੋਦੀ ਸਰਕਾਰ ਤੇਜ਼ੀ ਨਾਲ ਵਿਸ਼ਵ ਵਪਾਰ ਸੰਸਥਾ ਦੀਆਂ ਨੀਤੀਆਂ ਲਾਗੂ ਕਰ ਰਹੀ ਹੈ। ਦੇਸ਼ ਦੇ ਵੱਡੇ ਮੁਨਾਫੇ ਵਾਲੇ ਪਬਲਿਕ ਅਦਾਰੇ ਅੰਬਾਨੀ ਤੇ ਅਡਾਨੀ ਦੀਆਂ ਕੰਪਨੀਆਂ ਨੂੰ ਵੇਚੇ ਜਾ ਚੁੱਕੇ ਹਨ।
ਫਤਿਹਗੜ੍ਹ ਚੂੜੀਆਂ (ਹਰਪਾਲ ਸਿੰਘ ਨਾਗਰਾ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਮੰਜਿਆਂਵਾਲੀ ਦੀ ਅਗਵਾਈ ਹੇਠ ਪਿੰਡ ਖੋਖਰ, ਭੋਲੇਕੇ ਅਤੇ ਮੰਜਿਆਂਵਾਲੀ ਵਿੱਚ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਗਈਆਂ। ਇਸ ਮੌਕੇ ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਤਿੰਨੇ ਖੇਤੀ ਕਾਨੂੰਨ ਜਲਦ ਰੱਦ ਕੀਤੇ ਜਾਣ। ਉਨ੍ਹਾਂ ਕਿਹਾ ਕਿ ਜਿੰਨਾ ਚਿਰ ਸਰਕਾਰ ਕਿਸਾਨ ਮਾਰੂ ਕਾਨੂੰਨ ਅਤੇ ਬਿਜਲੀ ਸੋਧ ਐਕਟ 2020 ਰੱਦ ਨਹੀਂ ਕਰਦੀ, ਉਨਾਂ ਚਿਰ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਕਿਸਾਨ ਆਗੂ ਸਾਹਿਬ ਸਿੰਘ, ਸੁਖਵੰਤ ਸਿੰਘ ਗੁਰਦੀਪ ਸਿੰਘ, ਅਜਮੇਰ ਸਿੰਘ, ਮੇਜਰ ਸਿੰਘ, ਯੋਧਾ ਸਿੰਘ, ਹਾਜ਼ਰ ਸਨ।
ਮਾਨਸਰ ਟੌਲ ਪਲਾਜ਼ਾ ’ਤੇ ਕਾਲੀ ਹੋਲੀ ਮਨਾਈ
ਮਾਨਸਰ (ਮਨਪ੍ਰੀਤ ਸਿੰਘ): ਟੌਲ ਪਲਾਜ਼ਾ ਮਾਨਸਰ ’ਤੇ ਕਿਸਾਨ ਜਥੇਬੰਦੀਆਂ ਨੇ ਅੱਜ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਕਾਲੀ ਹੋਲੀ ਮਨਾਈ। ਇਸ ਮੌਕੇ ਮੋਦੀ ਸਰਕਾਰ ਸਣੇ ਅਡਾਨੀ ਤੇ ਅੰਬਾਨੀ ਵਰਗੇ ਕਾਰਪੋਰੇਟ ਘਰਾਣਿਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਰੋਸ ਪ੍ਰਦਰਸ਼ਨ ਨੂੰ ਯੋਧ ਸਿੰਘ ਕੋਟਲੀ, ਉਂਕਾਰ ਸਿੰਘ ਪੁਰਾਣਾ ਭੰਗਾਲਾ, ਵਿਜੇ ਸਿੰਘ ਬਹਬਿਲ ਮੰਜ, ਬਲਜੀਤ ਸਿੰਘ ਛੰਨੀਨੰਦ ਸਿੰਘ ਤੇ ਸੌਰਵ ਮਿਨਹਾਸ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਲੋਕ ਮਸਲਿਆਂ ਨੂੰ ਭੁਲਾ ਕੇ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿੱਚ ਖੇਡ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਅੰਦੋਲਨ ਉਦੋਂ ਤੱਕ ਜਾਰੀ ਰਹੇਗਾ ਜਦ ਤਕ ਖੇਤੀ ਕਾਨੂੰਨ ਰੱਦ ਨਹੀਂ ਹੋ ਜਾਂਦੇ ਤੇ ਹਰ ਤਿਉਹਾਰ ਨੂੰ ਕਿਸਾਨ ਰੋਸ ਪ੍ਰਦਰਸ਼ਨ ਕਰਕੇ ਮਨਾਉਣਗੇ।