ਬਲੀਆ, 17 ਅਕਤੂਬਰ
ਉੱਤਰ ਪ੍ਰਦੇਸ਼ ਦੇ ਬਲੀਆ ਜ਼ਿਲ੍ਹੇ ਵਿਚ ਸੀਨੀਅਰ ਪ੍ਰਸ਼ਾਸਕੀ ਤੇ ਪੁਲੀਸ ਅਧਿਕਾਰੀਆਂ ਦੀ ਹਾਜ਼ਰੀ ਵਿਚ ਇਕ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕਰਨ ਵਾਲੇ ਸਥਾਨਕ ਭਾਜਪਾ ਆਗੂ ’ਤੇ ਕੌਮੀ ਸੁਰੱਖਿਆ ਐਕਟ (ਐਨਐੱਸਏ) ਤੇ ਗੈਂਗਸਟਰ ਐਕਟ ਦੀਆਂ ਧਾਰਾਵਾਂ ਲਾਈਆਂ ਜਾਣਗੀਆਂ। ਅੱਠ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਛੇ ਮੁਲਜ਼ਮਾਂ ਦੀ ਭਾਲ ਜਾਰੀ ਹੈ। ਇਨ੍ਹਾਂ ਵਿਚ ਸਥਾਨਕ ਭਾਜਪਾ ਆਗੂ ਧੀਰੇਂਦਰ ਪ੍ਰਤਾਪ ਸਿੰਘ ਵੀ ਸ਼ਾਮਲ ਹੈ। ਦੋ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲੀਸ ਨੇ ਪੰਜ ਹੋਰਾਂ ਨੂੰ ਵੀ ਹਿਰਾਸਤ ਵਿਚ ਲਿਆ ਹੈ। ਐਫਆਈਆਰ ਵਿਚ 20-25 ਅਣਪਛਾਤਿਆਂ ਦਾ ਨਾਂ ਹੈ। ਆਜ਼ਮਗੜ੍ਹ ਰੇਂਜ ਦੇ ਡੀਆਈਜੀ ਸੁਭਾਸ਼ ਚੰਦਰ ਦੂਬੇ ਨੇ ਕਿਸੇ ਇਕ ਵੀ ਮੁਲਜ਼ਮ ਬਾਰੇ ਜਾਣਕਾਰੀ ਦੇਣ ਵਾਲੇ ਨੂੰ 50 ਹਜ਼ਾਰ ਰੁਪਏ ਨਗ਼ਦ ਇਨਾਮ ਦੇਣ ਦਾ ਐਲਾਨ ਕੀਤਾ ਹੈ। ਜ਼ਿਕਰਯੋਗ ਹੈ ਕਿ ਐਨਐੱਸਏ ਤਹਿਤ ਬਿਨਾਂ ਦੋਸ਼ ਮੜ੍ਹੇ ਵਿਅਕਤੀ ਨੂੰ 12 ਮਹੀਨੇ ਹਿਰਾਸਤ ਵਿਚ ਰੱਖਿਆ ਜਾ ਸਕਦਾ ਹੈ। ਗੈਂਗਸਟਰ ਐਕਟ ਤਹਿਤ ਸੰਪਤੀ ਜ਼ਬਤ ਕੀਤੀ ਜਾ ਸਕਦੀ ਹੈ। ਭਾਜਪਾ ਆਗੂ ਧੀਰੇਂਦਰ ਪ੍ਰਤਾਪ ਸਿੰਘ ਨੇ ਕਥਿਤ ਤੌਰ ’ਤੇ ਜੈ ਪ੍ਰਕਾਸ਼ ਨੂੰ ਵੀਰਵਾਰ ਉਸ ਵੇਲੇ ਗੋਲੀ ਮਾਰ ਦਿੱਤੀ ਸੀ ਜਦ ਦੁਰਜਨਪੁਰ ਪਿੰਡ ਵਿਚ ਰਾਸ਼ਨ ਦੀਆਂ ਦੁਕਾਨਾਂ ਦੀ ਅਲਾਟਮੈਂਟ ਮੌਕੇ ਹੰਗਾਮਾ ਹੋ ਗਿਆ ਸੀ। ਮੁਲਜ਼ਮ ਧੀਰੇਂਦਰ ਇਕ ਵਾਇਰਲ ਵੀਡੀਓ ਵਿਚ ਐੱਸਡੀਐਮ, ਸੀਓ ਤੇ ਪੁਲੀਸ ਉਤੇ ਮੀਟਿੰਗ ਦੌਰਾਨ ਪੁਲੀਸ ਨਾ ਤਾਇਨਾਤ ਕਰਨ ਦੇ ਦੋਸ਼ ਲਾ ਰਿਹਾ ਹੈ। ਉਸ ਨੇ ਦੋਸ਼ ਲਾਇਆ ਹੈ ਕਿ ਇਸੇ ਕਾਰਨ ਘਟਨਾ ਵਿਚ ਉਸ ਦਾ ਇਕ ਪਰਿਵਾਰਕ ਮੈਂਬਰ ਮਾਰਿਆ ਗਿਆ ਤੇ ਹੋਰ ਫੱਟੜ ਹੋ ਗਏ। ਧੀਰੇਂਦਰ ਦੇ ਭਰਾ ਨਰੇਂਦਰ ਤੇ ਦੇਵੇਂਦਰ ਪ੍ਰਤਾਪ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਬਾਕੀਆਂ ਨੂੰ ਫੜਨ ਲਈ 12 ਟੀਮਾਂ ਦਾ ਗਠਨ ਕੀਤਾ ਗਿਆ ਹੈ। ਪੁਲੀਸ ਨੇ ‘ਲਾਪ੍ਰਵਾਹੀ ਕਬੂਲਦਿਆਂ’ ਤਿੰਨ ਸਬ-ਇੰਸਪੈਕਟਰ ਤੇ ਛੇ ਕਾਂਸਟੇਬਲ ਮੁਅੱਤਲ ਕਰ ਦਿੱਤੇ ਹਨ। ਇਸ ਤੋਂ ਪਹਿਲਾਂ ਐੱਸਡੀਐਮ ਤੇ ਸਰਕਲ ਅਫ਼ਸਰ (ਪੁਲੀਸ) ਨੂੰ ਵੀ ਮੁੱਖ ਮੰਤਰੀ ਯੋਗੀ ਮੁਅੱਤਲ ਕਰ ਚੁੱਕੇ ਹਨ।
-ਪੀਟੀਆਈ