ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 28 ਮਾਰਚ
ਸਨਅਤੀ ਸ਼ਹਿਰ ਹਮੇਸ਼ਾ ਹੀ ਜਗਰਾਉਂ ਪੁਲ ਵਰਗੇ ਸਾਲਾਂ ਤੋਂ ਲਟਕ ਰਹੇ ਵਿਕਾਸ ਕਾਰਜਾਂ ਕਾਰਨ ਮਸ਼ਹੂਰ ਸੀ ਪਰ ਇਸ ਵਾਰ ਲੁਧਿਆਣਾ ਵਿਚ ਇਤਿਹਾਸ ਬਣ ਗਿਆ ਹੈ ਕਿ ਨਗਰ ਨਿਗਮ ਡੀ ਜ਼ੋਨ ਦੇ ਪਿਛੇ ਬੀਆਰਐੱਸ ਨਗਰ ਨੂੰ ਜੋੜਨ ਵਾਲਾ ਸਿੱਧਵਾ ਨਹਿਰ ਦੇ ਉਪਰ ਪੁਲ ਤਿੰਨ ਮਹੀਨੇ ਵਿਚ ਹੀ ਬਣ ਕੇ ਤਿਆਰ ਹੋ ਗਿਆ ਹੈ, ਜੋ ਕਿ ਸੋਮਵਾਰ ਨੂੰ ਆਮ ਲੋਕਾਂ ਦੀ ਆਵਾਜਾਈ ਲਈ ਖੋਲ੍ਹ ਦਿੱਤਾ ਜਾਵੇਗਾ। ਇਸ ਸਬੰਧੀ ਅੱਜ ਕੈਬਿਨਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਪੁਲ ਦਾ ਨਿਰੀਖਣ ਕੀਤਾ। ਉਨ੍ਹਾਂ ਨੇ ਕਿਹਾ ਕਿ ਵਸਨੀਕਾਂ ਦੀ ਭਲਾਈ ਅਤੇ ਹੋਲੀ ਦੇ ਤੋਹਫ਼ੇ ਵਜੋਂ ਭਾਈ ਰਣਧੀਰ ਸਿੰਘ ਨਗਰ ਨੂੰ ਸਰਾਭਾ ਨਗਰ ਨਾਲ ਜੋੜਨ ਵਾਲਾ ਸਿੱਧਵਾਂ ਨਹਿਰ ਦਾ ਪੁਲ ਕੱਲ੍ਹ ਵਾਹਨਾਂ ਦੀ ਆਵਾਜਾਈ ਲਈ ਖੋਲ੍ਹ ਦਿੱਤਾ ਜਾਵੇਗਾ।
ਇਸ ਮੌਕੇ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਦੱਸਿਆ ਕਿ ਇਸ ਪੁਲ ਦਾ ਨਿਰਮਾਣ 23 ਦਸੰਬਰ ਨੂੰ ਸ਼ੁਰੂ ਹੋਇਆ ਸੀ ਅਤੇ ਸੋਮਵਾਰ ਨੂੰ ਵਾਹਨਾਂ ਦੀ ਆਵਾਜਾਈ ਲਈ ਖੋਲ੍ਹ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਇਲਾਕਾ ਵਾਸੀਆਂ ਦੀ ਚਿਰੋਕਣੀ ਮੰਗ ਰਹੀ ਹੈ ਕਿਉਂਕਿ ਵਾਹਨਾਂ ਦੀ ਆਵਾਜਾਈ ਵਿੱਚ ਵਾਧਾ ਹੋਣ ਕਾਰਨ ਇਸ ਬ੍ਰਿਜ ’ਤੇ ਜਾਮ ਲੱਗਿਆ ਰਹਿੰਦਾ ਸੀ।
ਉਨ੍ਹਾਂ ਅੱਗੇ ਦੱਸਿਆ ਕਿ ਭਾਈ ਰਣਧੀਰ ਸਿੰਘ ਨਗਰ ਨੂੰ ਸਰਾਭਾ ਨਗਰ ਨਗਰ ਨਾਲ ਜੋੜਨ ਵਾਲੇ ਸਿੱਧਵਾਂ ਨਹਿਰ ਦੇ ਪੁਲ ਦੀ ਉਸਾਰੀ 1.40 ਕਰੋੜ ਰੁਪਏ ਦੀ ਲਾਗਤ ਨਾਲ ਕੀਤੀ ਗਈ ਹੈ। ਇਹ ਪ੍ਰਾਜੈਕਟ ਲੁਧਿਆਣਾ ਸਮਾਰਟ ਸਿਟੀ ਲਿਮਿਟਡ ਦੁਆਰਾ ਫੰਡ ਕੀਤਾ ਗਿਆ ਸੀ ਅਤੇ ਪੰਜਾਬ ਸਿੰਜਾਈ ਵਿਭਾਗ ਦੁਆਰਾ ਚਲਾਇਆ ਗਿਆ ਸੀ। ਮੰਤਰੀ ਆਸ਼ੂ ਨੇ ਦੱਸਿਆ ਕਿ ਨਵਾਂ ਸਿੱਧਵਾਂ ਨਹਿਰ ਦਾ ਪੁਲ ਮੌਜੂਦਾ 4 ਮੀਟਰ ਤੋਂ 9 ਮੀਟਰ ਚੌੜਾ ਕਰ ਦਿੱਤਾ ਗਿਆ ਹੈ ਅਤੇ ਇਸ ਨਾਲ ਇਲਾਕਾ ਵਾਸੀਆਂ ਨੂੰ ਕਾਫ਼ੀ ਹੱਦ ਤੱਕ ਲਾਭ ਹੋਵੇਗਾ। ਇਸ ਮੌਕੇ ਉਨ੍ਹਾਂ ਨਾਲ ਨਿਗਮ ਕੌਂਸਲਰ ਮਮਤਾ ਆਸ਼ੂ, ਸੁਪਰਇਨਟੈਂਡਿੰਗ ਇੰਜਨੀਅਰ ਲੁਧਿਆਣਾ ਸਮਾਰਟ ਸਿਟੀ ਲਿਮਿਟਡ ਰਾਹੁਲ ਗਗਨੇਜਾ, ਕਾਰਜਕਾਰੀ ਇੰਜਨੀਅਰ ਲੁਧਿਆਣਾ ਸਮਾਰਟ ਸਿਟੀ ਲਿਮਿਟਡ ਰਮਨ ਕੌਸ਼ਲ ਤੋਂ ਇਲਾਵਾ ਹੋਰ ਵੀ ਸ਼ਾਮਲ ਸਨ।