ਪੀਪੀ ਵਰਮਾ
ਪੰਚਕੂਲਾ, 17 ਅਕਤੂਬਰ
ਪੰਚਕੂਲਾ ਸਥਿਤ ਮਾਤਾ ਮਨਸਾ ਦੇਵੀ ਮੇਲਾ ਅੱਜ ਸ਼ਰਧਾ ਤੇ ਉਤਸ਼ਾਹ ਨਾਲ ਸ਼ੁਰੂ ਹੋ ਗਿਆ। ਅੱਜ ਤੜਕੇ ਚਾਰ ਵਜੇ ਮੰਦਰ ਦੇ ਦਰਵਾਜ਼ੇ ਸ਼ਰਧਾਲੂਆਂ ਲਈ ਖੋਲ੍ਹ ਦਿੱਤੇ ਗਏ। ਪੂਜਾ ਸਥੱਲ ਦੇ ਸੀਈਓ ਐੱਮਐੱਸ ਯਾਦਵ ਨੇ ਦੱਸਿਆ ਕਿ ਅੱਜ ਪਹਿਲੇ ਦਿਨ ਮੱਥਾ ਟੇਕਣ ਲਈ ਆਨਲਾਈਨ ਰਜਿਸਟ੍ਰੇਸ਼ਨ 8000 ਸ਼ਰਧਾਲੂਆਂ ਨੇ ਕਰਵਾਈ, ਜਦਕਿ ਕਿ ਕਾਲਕਾ ਦੇ ਕਾਲੀ ਮਾਤਾ ਮੰਦਰ ਵਿੱਚ ਰਜਿਸਟ੍ਰੇਸ਼ਨ ਕਰਵਾਉਣ ਵਾਲੇ 4000 ਸ਼ਰਧਾਲੂ ਸਨ। ਕਾਲਕਾ ਦਾ ਕਾਲੀ ਮਾਤਾ ਦਾ ਮੰਦਰ ਵੀ ਮਾਤਾ ਮਨਸਾ ਦੇਵੀ ਪੂਜਾ ਸਥੱਲ ਬੋਰਡ ਦੇ ਅਧੀਨ ਹੈ। ਅੱਜ ਪਹਿਲੇ ਦਿਨ ਹਰਿਆਣਾ ਵਿਧਾਨ ਸਭਾ ਸਪੀਕਰ ਗਿਆਨ ਚੰਦ ਗੁਪਤਾ ਨੇ ਮੱਥਾ ਟੇਕਿਆ ਅਤੇ ਮੰਦਰ ਮੰਦਰ ਕੰਪਲੈਕਸ ਦੇ ਯੱਗ ਭਵਨ ਵਿੱਚ ਜਾ ਕੇ ਸੱਤ ਚੰਡੀ ਯੱਗ ਸ਼ੁਰੂ ਕਰਵਾਏ। ਵਿਧਾਨ ਸਭਾ ਸਪੀਕਰ ਨੇ ਇਸ ਮੌਕੇ ਤੇ ਮੰਦਰ ਦੇ ਪ੍ਰਬੰਧਾ ਦਾ ਜਾਇਜਾ ਵੀ ਲਿਆ। ਪੂਜਾ ਸਥੱਲ ਦੇ ਸੀਈਓ ਐਮਐੱਸ ਯਾਦਵ ਨੇ ਮੇਲੇ ਲਈ ਵਿਸ਼ੇਸ਼ ਤੌਰ ਤੇ ਕੀਤੇ ਗਏ ਪ੍ਰਬੰਧਾ ਬਾਰੇ ਜਾਣਕਾਰੀ ਦਿੱਤੀ। ਡਿਪਟੀ ਕਮਿਸ਼ਨਰ ਮੁਕੇਸ਼ ਕੁਮਾਰ ਅਹੂਜਾ ਨੇ ਮੇਲੇ ਬਾਰੇ ਦੱਸਿਆ ਕਿ ਪ੍ਰਸ਼ਾਸਨ ਦੇ 18 ਅਫ਼ਸਰਾਂ ਨੂੰ ਪ੍ਰੋਟੋਕੋਲ ਅਫ਼ਸਰ ਨਿਯੁਕਤ ਕੀਤਾ ਗਿਆ ਹੈ। ਜਦਕਿ ਮੁੱਖ ਮੇਲਾ ਅਫ਼ਸਰ ਅਡੀਸ਼ਨਲ ਡਿਪਟੀ ਕਮਿਸ਼ਨਰ ਮਨੀਤਾ ਮਲਿਕ ਨੂੰ ਬਣਾਇਆ ਗਿਆ ਹੈ। ਪੰਚਕੂਲਾ ਪੁਲਿਸ ਨੇ ਮੇਲੇ ਦੇ ਮੱਦੇਨਜ਼ਰ 15 ਨਾਕੇ ਲਗਾਏ ਹੋਏ ਹਨ। ਸ਼ਰਧਾਲੂਆਂ ਨੂੰ ਮੰਦਰ ਦੇ ਵੱਖ ਵੱਖ ਗੇਟਾਂ ਵਿੱਚ ਉਦੋਂ ਹੀ ਪ੍ਰਵੇਸ਼ ਕੀਤਾ ਜਾਂਦਾ ਹੈ ਜਦੋਂ ਉਨ੍ਹਾਂ ਦੀ ਈ-ਟਿਕਟ ਵੇਖੀ ਜਾਂਦੀ ਹੈ। ਇਸ ਬਾਰ ਮੇਲੇ ਵਿੱਚ ਵੀਆਈਪੀ ਅਤੇ ਵੀਵੀਆਈਪੀ ਪਾਸਾਂ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ। ਮੰਦਰ ਕੰਪਲੈਕਸ ਦੀਆਂ ਮੁੱਖ ਪੌੜੀਆਂ ਸ਼ੁਰੂ ਹੁੰਦੇ ਹੀ ਲੋਕ ਸੰਪਰਕ ਵਿਭਾਗ ਨੇ ਆਪਣਾ ਸੂਚਨਾ ਕੇਂਦਰ ਬਣਾਇਆ ਹੋਇਆ ਹੈ।