ਸਵਰਾਜਬੀਰ
ਹੋਲੀ ਇਕ ਦਿਨ ਦਾ ਮੇਲਾ ਹੈ। ਮਰਦਾਂ, ਔਰਤਾਂ, ਮੁੰਡਿਆਂ, ਕੁੜੀਆਂ ਦੇ ਮੇਲ ਮਿਲਾਪ ਦਾ ਜਸ਼ਨ। ਇਸ ਦਿਨ ਸਮਾਜਿਕ ਬੰਧਨਾਂ ’ਚੋਂ ਕੁਝ ਖੁੱਲ੍ਹ ਮਿਲਦੀ ਹੈ। ਇਹ ਇਕ ਦਿਨ ਲਈ ਹੈ, ਹੋਲੀ ਤੋਂ ਅਗਲਾ ਦਿਨ ਹੋਲੀ ਵਰਗਾ ਨਹੀਂ ਹੋਣਾ। ਮਨੁੱਖੀ ਵਿਹਾਰ ਨੇ ਫਿਰ ਪਹਿਲਾਂ ਵਾਲੀ ਤੋਰ ’ਤੇ ਆ ਜਾਣਾ ਹੈ। ਇਸ ਤਿਉਹਾਰ ਵਿਚ ਮੇਲ ਮਿਲਾਪ ਦੀ ਸਿੱਕ ਅੰਗੜਾਈਆਂ ਲੈਂਦੀ ਹੈ, ਮਰਦਾਂ ਅਤੇ ਔਰਤਾਂ ਦੀਆਂ ਅੱਖਾਂ ਤੇ ਸਰੀਰ ਗੱਲਾਂ ਕਰਦੇ ਹਨ, ਰੰਗਾਂ ਦਾ ਨ੍ਰਿਤ ਹੁੰਦਾ ਹੈ, ਛੁਹ ਦਾ ਨਾਦ ਗੂੰਜਦਾ ਹੈ, ਦਿਲ ਧੜਕਦੇ ਹਨ, ਪੈਰਾਂ ’ਚ ਨਾਚ ਆਉਂਦਾ ਹੈ; ਕੁਝ ਅਦਭੁੱਤ ਤੇ ਵਚਿੱਤਰ ਵਾਪਰਦਾ ਹੈ; ਕੁਝ ਪਲਾਂ ਲਈ ਤੇ ਫਿਰ ਬਸ ਯਾਦ ਰਹਿ ਜਾਂਦੀ ਹੈ, ਦ੍ਰਿਸ਼ ਲੋਪ ਹੋ ਜਾਂਦਾ ਹੈ। ਇਹ ਇਕ ਦਿਨ ਦਾ ਛਲ-ਚਿੱਤਰ (Phantasmagoric) ਹੈ।
ਜਦੋਂ ਅਸੀਂ ਬੁੱਲ੍ਹੇ ਸ਼ਾਹ ਦਾ ਕਲਾਮ ਪੜ੍ਹਦੇ ਹਾਂ ਤਾਂ ਉਸ ਦੀਆਂ ਵਿਦਰੋਹੀ ਸੁਰਾਂ ਦੇ ਨਾਲ ਕਈ ਹੋਰ ਰੰਗ ਵੀ ਸਾਹਮਣੇ ਆਉਂਦੇ ਹਨ। ਜਿੱਥੇ ਉਹ ਪੰਜਾਬੀ ਸ਼ਾਇਰੀ ਵਿਚ ਨਾਬਰੀ ਦੀ ਪਰੰਪਰਾ ਨੂੰ ਕਾਇਮ ਕਰਨ ਲਈ ਵਾਰ ਵਾਰ ਮਨਸੂਰ (ਜਿਸ ਨੂੰ ਅਨਲਹੱਕ ਭਾਵ ‘ਮੈਂ ਹੀ ਰੱਬ ਹਾਂ’ ਕਹਿਣ ਲਈ ਸੂਲੀ ’ਤੇ ਚੜ੍ਹਾਇਆ) ਗਿਆ, ਸਰਮਦ (ਅਰਮੀਨੀਆ ਦਾ ਸੂਫ਼ੀ ਫ਼ਕੀਰ ਜੋ ਨੰਗਾ ਰਹਿੰਦਾ ਸੀ ਅਤੇ ਸ਼ਾਹਜਹਾਨ ਦੇ ਵੱਡੇ ਪੁੱਤਰ ਦਾਰਾ ਸ਼ਿਕੋਹ ਦਾ ਮਿੱਤਰ ਸੀ। ਔਰੰਗਜ਼ੇਬ ਨੇ ਇਸ ਨੂੰ ਕਤਲ ਕਰ ਦਿੱਤਾ) ਅਤੇ ਧਾਰਮਿਕ ਕੱਟੜਤਾ ਵਿਰੁੱਧ ਸ਼ਹੀਦ ਹੋਏ ਹੋਰ ਨਾਇਕਾਂ ਦਾ ਜ਼ਿਕਰ ਕਰਦਾ ਹੈ, ਉੱਥੇ ਉਹ ਸਮਾਜਿਕ ਏਕਤਾ ਲਈ ਵੀ ਫ਼ਿਕਰਮੰਦ ਹੈ। ਉਦਾਹਰਨ ਦੇ ਤੌਰ ’ਤੇ ਥਾਂ ਥਾਂ ’ਤੇ ਭਗਵਾਨ ਕ੍ਰਿਸ਼ਨ ਦਾ ਜ਼ਿਕਰ ਕਰਦਾ ਹੈ:
ਬੰਸੀ ਵਾਲਿਆ ਚਾਕਾ ਰਾਂਝਾ
ਤੇਰਾ ਸੁਰ ਹੈ ਸਭ ਦਾ ਸਾਂਝਾ
ਤੇਰੀਆਂ ਮੌਜਾਂ ਸਾਡਾ ਮਾਂਜਾ
ਸਾਡੀ ਸੁਰਤੀ ਆਪ ਮਿਲਾਈ
ਬੰਸੀ ਕਾਹਨ ਅਚਰਜ ਬਜਾਈ।
ਸਾਡੇ ਲੋਕ ਨਾਇਕ ਰਾਂਝੇ ਵਿਚ ਵੀ ਭਗਵਾਨ ਕ੍ਰਿਸ਼ਨ ਦੀ ਕਿਸ਼ੋਰ ਅਵਸਥਾ ਵਾਲੇ ਕਈ ਗੁਣ ਮੌਜੂਦ ਹਨ, ਜਿਵੇਂ ਮੱਝੀਆਂ ਚਾਰਨਾ, ਵੰਝਲੀ ਵਜਾਉਣਾ, ਪਿਆਰ ਕਰਨਾ ਆਦਿ। ਸ਼ਾਹ ਹੁਸੈਨ, ਸ਼ਾਹ ਸਹਿਮੀ, ਹਾਫ਼ਿਜ਼ ਬੁਰਖ਼ਦਾਰ, ਮੌਲਾ ਸ਼ਾਹ, ਗੁਲਾਮ ਹੁਸੈਨ ਅਤੇ ਹੋਰ ਮੁਸਲਮਾਨ ਸ਼ਾਇਰ ਭਗਵਾਨ ਕ੍ਰਿਸ਼ਨ ਦਾ ਜ਼ਿਕਰ ਬਹੁਤ ਹੁੱਬ ਕੇ ਕਰਦੇ ਹਨ। ਉਦਾਹਰਨ ਵਜੋਂ ਸ਼ਾਹ ਹੁਸੈਨ ਕਹਿੰਦਾ ਹੈ, ‘‘ਸਾਲੂ ਮੇਰਾ ਉਣੀਂਦਾ/ਕੋਈ ਸ਼ਾਮ ਬ੍ਰਿੰਦਾਬਨ ਸੁਣੀਂਦਾ/ਜਾਣਾ ਬਿਖੜੇ ਰਾਹਿ।’’
ਭਗਵਾਨ ਕ੍ਰਿਸ਼ਨ ਦੇ ਨਾਲ ਨਾਲ ਬੁੱਲ੍ਹੇ ਸ਼ਾਹ ਕਈ ਹੋਰ ਬਿੰਬਾਂ, ਪ੍ਰਤੀਕਾਂ ਅਤੇ ਲੋਕ ਵਿਹਾਰ ਤੋਂ ਹੁਦਾਰੀਆਂ ਲਈਆਂ ਉਦਾਹਰਨਾਂ ਰਾਹੀਂ ਸਮਾਜਿਕ ਏਕਤਾ ਦਾ ਸੰਕਲਪ ਉਸਾਰਦਾ ਹੈ। ਬੁੱਲ੍ਹੇ ਸ਼ਾਹ ਹੋਲੀ ਦੇ ਤਿਉਹਾਰ ਨੂੰ ਅਪਣਾਉਂਦੇ ਹੋਏ ਕਹਿੰਦਾ ਹੈ (ਹੋਲੀ ਨੂੰ ਹੋਰੀ ਵੀ ਕਿਹਾ ਜਾਂਦਾ ਹੈ):
ਹੋਰੀ1 ਖੇਲੂੰਗੀ ਕਹਿ ‘ਬਿਸਮਿਲ੍ਹਾ’2
ਨਾਮ ਨਬੀ3 ਕੀ ਰਤਨ4 ਚੜੀ
ਰੰਗ ਰੰਗੀਲੀ ਓਹੀ ਖਿਲਾਵੇ
ਜੋ ਸਿੱਖੀ ਹੋਵੇ ‘ਫ਼ਨਾ ਫਿੱਲਾ’5
… … …
‘ਨਾਹਨੁ ਅਕਰਬ’6 ਕੀ ਬੰਸੀ ਬਜਾਈ
‘ਮਨ ਅਰਫ਼ ਨਫਸਹੁ’7 ਕੀ ਕੂਕ ਸੁਣਾਈ
‘ਫਸੁੰਮ ਵਜਹੁੱਲਾ’8 ਕੀ ਧੂਮ ਮਚਾਈ
ਵਿਚ ਦਰਬਾਰ ਅੱਲਾ
ਹੋਰੀ ਖੇਲੂੰਗੀ ਕਹਿ ‘ਬਿਸਮਿੱਲ੍ਹਾ’
(1. ਹੋਲੀ 2. ਰੱਬ ਦੇ ਨਾਂ ’ਤੇ, ਮੁਸਲਮਾਨ ਰਵਾਇਤ ਵਿਚ ਕੋਈ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਬਿਸਮਿੱਲ੍ਹਾ ਕਿਹਾ ਜਾਂਦਾ ਹੈ। 3. ਪੈਗੰਬਰ ਹਜ਼ਰਤ ਮੁਹੰਮਦ 4. ਮੋਤੀ ਭਾਵ ਮੈਂ ਪੈਗੰਬਰ ਦੇ ਨਾਮ ਨੂੰ ਰਤਨ/ਮੋਤੀ ਵਾਂਗ ਪਹਿਨਦੀ ਹਾਂ। 5. ਰੱਬ ਦੀ ਹਸਤੀ ਵਿਚ ਫ਼ਨਾਹ ਹੋ ਜਾਣਾ। 6. ਰੱਬ ਨੇ ਕਿਹਾ, ‘‘ਅਸੀਂ ਬਹੁਤ ਕਰੀਬ ਹਾਂ।’’ 7. ਜਿਸ ਨੇ ਆਪਣੇ ਆਪ ਨੂੰ ਜਾਨ ਲਿਆ, ਉਸ ਨੇ ਰੱਬ ਨੂੰ ਜਾਨ ਲਿਆ। 8. ਤੁਸੀਂ ਜਿਹੜੇ ਵੀ ਪਾਸੇ ਦੇਖੋ ਉਸੇ ਰੱਬ ਦਾ ਚਿਹਰਾ ਹੀ ਦਿਖਾਈ ਦਿੰਦਾ ਹੈ)।
ਇਸ ਤਰ੍ਹਾਂ ਬੁੱਲ੍ਹੇ ਸ਼ਾਹ ਹਿੰਦੂ ਅਤੇ ਮੁਸਲਮਾਨ ਰਵਾਇਤਾਂ ਨੂੰ ਇਕਮਿਕ ਕਰ ਦੇਣਾ ਲੋਚਦਾ ਹੈ: ‘‘ਸਬਿਗ਼ਤੁੱਲ੍ਹਾ ਕੀ ਭਰ ਪਿਚਕਾਰੀ, ਅੱਲਾਹੁਸਮਦ ਪਿਆ ਮੂੰਹ ਪਰ ਮਾਰੀ’’ ਭਾਵ ਰੱਬ ਦੇ ਰੰਗ (ਸਬਿਗ਼ਤੁੱਲ੍ਹਾ) ਨਾਲ ਭਰੀ ਪਿਚਕਾਰੀ ਸਦੀਵੀ ਰਹਿਣ ਵਾਲੇ ਰੱਬ (ਅੱਲਾ-ਹੁਸਮਦ) ਦੇ ਮੂੰਹ ’ਤੇ ਮਾਰੀ ਗਈ ਹੈ। ਬੁੱਲ੍ਹੇ ਸ਼ਾਹ ਨੂੰ ਕਣ ਕਣ ਵਿਚ ਰੱਬ ਵੱਸਦਾ ਦਿਸਦਾ ਹੈ। ਉਸ ਦੀਆਂ ਬਾਹਾਂ ਅੱਲਾ ਲਈ ਵੀ ਖੁੱਲ੍ਹੀਆਂ ਹਨ, ਉਸ ਦੇ ਨਬੀਆਂ ਲਈ ਵੀ ਅਤੇ ਭਗਵਾਨ ਕ੍ਰਿਸ਼ਨ ਅਤੇ ਹੋਲੀ ਖੇਡਣ ਵਾਲਿਆਂ ਲਈ ਵੀ।
ਹੋਲੀ ਪੁਰਾਣੇ ਸਮਿਆਂ ਤੋਂ ਹਿੰਦੋਸਤਾਨੀ ਬਰੇ-ਸਗੀਰ (ਉਪ ਮਹਾਂਦੀਪ) ਦੇ ਵੱਖ ਵੱਖ ਸਮਾਜਾਂ ਵਿਚ ਵੱਖ ਵੱਖ ਤਰੀਕਿਆਂ ਨਾਲ ਮਨਾਇਆ ਜਾਣ ਵਾਲਾ ਤਿਉਹਾਰ ਹੈ। ਇਸ ਨਾਲ ਸਭ ਤੋਂ ਜ਼ਿਆਦਾ ਜੋੜੀ ਜਾਣ ਵਾਲੀ ਕਥਾ ਹੋਲਿਕਾ-ਦਹਨ ਦੀ ਹੈ। ਪੌਰਾਣਿਕ ਕਥਾਵਾਂ ਅਨੁਸਾਰ ਦੈਂਤਾਂ ਦੇ ਰਾਜੇ ਹਿਰਣਯ-ਕਸ਼ਿਪ (ਹਿਰਣਯਾਕੁਸ਼/ ਹਰਨਾਖਸ਼ ਇਸ ਦਾ ਭਰਾ ਸੀ। ਇਨ੍ਹਾਂ ਨੂੰ ਕਈ ਵਾਰ ਰਲਗੱਡ ਵੀ ਕੀਤਾ ਜਾਂਦਾ ਹੈ) ਨੇ ਆਪਣੇ ਪੁੱਤਰ ਪ੍ਰਹਿਲਾਦ ’ਤੇ ਉਸ ਦੇ ਵਿਸ਼ਨੂੰ ਭਗਤ ਹੋਣ ਕਾਰਨ ਬਹੁਤ ਅੱਤਿਆਚਾਰ ਕੀਤੇ; ਉਸ ਨੂੰ ਸੱਪਾਂ ਤੋਂ ਡਸਵਾਇਆ ਅਤੇ ਮਸਤ ਹਾਥੀ ਨਾਲ ਮੁਕਾਬਲਾ ਕਰਾਇਆ ਗਿਆ। ਹਿਰਣਯਕਸ਼ਿਪ ਨੇ ਆਪਣੀ ਭੈਣ ਹੋਲਿਕਾ ਨੂੰ ਹੁਕਮ ਦਿੱਤਾ ਕਿ ਉਹ ਪ੍ਰਹਿਲਾਦ ਨੂੰ ਲੈ ਕੇ ਅੱਗ ਵਿਚ ਪ੍ਰਵੇਸ਼ ਕਰੇ। ਹੋਲਿਕਾ ਨੂੰ ਵਰ ਮਿਲਿਆ ਸੀ ਕਿ ਉਸ ’ਤੇ ਅੱਗ ਦਾ ਕੋਈ ਅਸਰ ਨਹੀਂ ਹੋਵੇਗਾ। ਉਸ ਨੇ ਪ੍ਰਹਿਲਾਦ ਨੂੰ ਲੈ ਕੇ ਅੱਗ ਵਿਚ ਪ੍ਰਵੇਸ਼ ਕੀਤਾ ਅਤੇ ਦੰਦ ਕਥਾਵਾਂ ਅਨੁਸਾਰ ਪ੍ਰਭੂ ਨੇ ਪ੍ਰਹਿਲਾਦ ਨੂੰ ਸੜਨ ਤੋਂ ਬਚਾਅ ਲਿਆ ਜਦੋਂਕਿ ਹੋਲਿਕਾ ਅੱਗ ਵਿਚ ਸੜ ਗਈ। ਇਸ ਘਟਨਾ ਨੂੰ ਹੋਲਿਕਾ-ਦਹਨ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ ਅਤੇ ਹੋਲਿਕਾ-ਦਹਨ ਤੋਂ ਅਗਲੇ ਦਿਨ ਹੋਲੀ ਮਨਾਈ ਜਾਂਦੀ ਹੈ। ਲੋਕ ਇਕ ਦਿਨ ਦੂਸਰੇ ਨੂੰ ਰੰਗਾਂ ਨਾਲ ਰੰਗਦੇ ਹਨ। ਬਾਅਦ ਵਿਚ ਇਹ ਤਿਉਹਾਰ ਭਗਵਾਨ ਕ੍ਰਿਸ਼ਨ ਦੇ ਰਾਧਾ ਅਤੇ ਹੋਰ ਗੋਪੀਆਂ ਨਾਲ ਹੋਲੀ ਖੇਡਣ ਨਾਲ ਵੀ ਜੁੜ ਗਿਆ। ਡੀਡੀ ਕੋਸੰਬੀ ਅਤੇ ਕਈ ਹੋਰ ਵਿਦਵਾਨ ਇਸ ਨੂੰ ਪੁਰਾਤਨ ਸਮਾਜਾਂ ਦੇ ਕਬੀਲਿਆ ਵਿਚ ਔਰਤਾਂ ਤੇ ਮਰਦਾਂ ਦੇ ਸਮੂਹਿਕ ਮੇਲ ਮਿਲਾਪ ਦੀਆਂ ਪਰੰਪਰਾਵਾਂ ਨਾਲ ਜੋੜ ਕੇ ਵੀ ਵੇਖਦੇ ਹਨ।
ਪੰਜਾਬ ਵਿਚ ਹੋਲੀ ਦੇ ਨਾਲ ਨਾਲ ਹੋਲਾ ਮਹੱਲਾ ਮਨਾਇਆ ਜਾਂਦਾ ਹੈ ਜਿਸ ਦੀ ਪਰੰਪਰਾ ਹੋਲੀ ਤੋਂ ਬਿਲਕੁਲ ਵੱਖਰੀ ਅਤੇ ਨਿਆਰੀ ਹੈ। ਇਹ ਸਿੱਖ ਪੰਥ ਦੀ ਬਹਾਦਰੀ ਅਤੇ ਜੁਝਾਰੂ ਵਿਰਸੇ ਦਾ ਪ੍ਰਤੀਕ ਹੈ।
ਪੰਜਾਬ ਵਿਚ ਹੋਲੀ ਮਨਾਏ ਜਾਣ ਦੀ ਦਿਲਚਸਪ ਰਵਾਇਤ ਗੁਲਾਬਦਾਸੀ ਪਰੰਪਰਾ ਵਿਚ ਮਿਲਦੀ ਹੈ। ਗੁਲਾਬ ਦਾਸ ਦਾ ਜਨਮ ਉਨੀਵੀਂ ਸਦੀ ਦੇ ਪਹਿਲੇ ਦਹਾਕੇ ਵਿਚ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਰਟੌਲ ਵਿਚ ਹੋਇਆ। ਉਹ ਮਹਾਰਾਜਾ ਰਣਜੀਤ ਸਿੰਘ ਦੇ ਜਰਨੈਲ ਗੁਲਾਬ ਸਿੰਘ ਪਹੁੰਵਿੰਡੀਏ ਕੋਲ ਨੌਕਰ ਰਿਹਾ। ਨੌਕਰੀ ਛੱਡਣ ਤੋਂ ਬਾਅਦ ਉਸ ਨੇ ਉਦਾਸੀ ਮੱਤ ਦੀ ਨਿਰਬਾਣ ਸ਼ਾਖਾ ਦੇ ਸਾਧੂ ਬ੍ਰਹਮ ਦਾਸ ਅਤੇ ਕੋਈ ਹੋਰ ਸੰਤਾਂ ਹੀਰਾ ਦਾਸ, ਧਿਆਨ ਦਾਸ ਆਦਿ ਤੋਂ ਸਿੱਖਿਆ ਲਈ।
ਗੁਲਾਬ ਦਾਸ ਦੀ, ਪੀਰੋ ਨਾਂ ਦੀ ਸ਼ਾਇਰਾ (ਜੋ ਉਸ ਦੀ ਚੇਲੀ ਬਣ ਗਈ ਸੀ) ਦੇ ਕਾਰਨ ਮਹਾਰਾਜਾ ਰਣਜੀਤ ਸਿੰਘ ਦੇ ਤੋਪਖਾਨੇ ਦੇ ਜਰਨੈਲ ਇਲਾਹੀ ਬਖ਼ਸ਼ ਨਾਲ ਟੱਕਰ ਹੋਈ। ਉਸ ਨੂੰ ਲਾਹੌਰ ਛੱਡ ਕੇ ਆਪਣਾ ਡੇਰਾ ਕਸੂਰ ਦੇ ਨਜ਼ਦੀਕ ਚੱਠਿਆਂ ਵਾਲੇ ਵਿਚ ਬਣਾਉਣਾ ਪਿਆ। ਪੀਰੋ ਵੀ ਉਸ ਡੇਰੇ ਵਿਚ ਰਹਿਣ ਲੱਗੀ।
ਜਿਹੜੀ ਗੱਲ ਗੁਲਾਬ ਦਾਸ ਨੂੰ ਮਹੱਤਵਪੂਰਨ ਬਣਾਉਂਦੀ ਹੈ ਉਹ ਉਸ ਦਾ ਵਰਣ ਆਸ਼ਰਮ, ਜਾਤ ਪਾਤ, ਨਰਕ-ਸਵਰਗ, ਪੁਨਰ ਜਨਮ, ਧਾਰਮਿਕ ਪਾਖੰਡਾਂ ਅਤੇ ਹੋਰ ਅੰਧ ਵਿਸ਼ਵਾਸਾਂ ਦਾ ਘੋਰ ਵਿਰੋਧੀ ਹੋਣਾ, ਸਮੇਂ ਦੀ ਹਕੂਮਤ ਨਾਲ ਟੱਕਰ ਲੈਣਾ, ਡੇਰੇ ਵਿਚ ਗੁਰਮੁਖੀ ਪੜ੍ਹਾਉਣਾ ਅਤੇ ਨਾਰੀ ਨੂੰ ਡੇਰੇ ਵਿਚ ਥਾਂ ਦੇਣਾ ਹੈ। ਦਿੱਤਾ ਰਾਮ (ਬਾਅਦ ਵਿਚ ਭਾਈ ਦਿੱਤ ਸਿੰਘ), ਕਿਸ਼ਨ ਸਿੰਘ ਆਰਿਫ਼, ਸ਼ਾਮ ਦਾਸ ਅਤੇ ਧਰਮ ਦਾਸ ਜਿਹੇ ਵਿਦਵਾਨ ਉਸ ਦੇ ਡੇਰੇ ਵੱਲ ਖਿੱਚੇ ਚਲੇ ਆਏ। ‘ਆਰਿਫ਼’ ਤੁਖੱਲਸ ਵਾਲੇ ਜ਼ਿਆਦਾ ਕਵੀ ਗੁਲਾਬਦਾਸੀ ਸੰਪਰਦਾਇ ਨਾਲ ਸਬੰਧਿਤ ਦੱਸੇ ਜਾਂਦੇ ਹਨ। ਪੰਜਾਬ, ਹਰਿਆਣਾ ਅਤੇ ਸਿੰਧ ਵਿਚ ਗੁਲਾਬਦਾਸੀਆਂ ਦੇ 100 ਤੋਂ ਜ਼ਿਆਦਾ ਡੇਰੇ ਸਨ ਜਿਨ੍ਹਾਂ ਵਿਚ ਗੁਰਮੁਖੀ ਪੜ੍ਹਾਈ ਜਾਂਦੀ ਸੀ।
ਗੁਲਾਬ ਦਾਸ ਦੇ ਚੱਠਿਆਂ ਵਾਲੇ ਦੇ ਡੇਰੇ ਵਿਚ ਹੋਲੀ/ਹੋਰੀ ਖੇਡੀ ਜਾਂਦੀ ਸੀ ਜਿਸ ਵਿਚ ਮਰਦ ਔਰਤਾਂ ਸਭ ਹਿੱਸਾ ਲੈਂਦੇ ਸਨ। ਇਸ ਦਾ ਵਰਨਣ ਗੁਲਾਬ ਦਾਸ ਇਸ ਤਰ੍ਹਾਂ ਕਰਦਾ ਹੈ:
ਹੋਰੀ ਖੇਲੇਂ ਦਾਸ ਗੁਲਾਬ,
ਹੋਰੀ ਗੁਰ ਦਰ ਭਾਈ ਅਜਾਬ।
ਚਲੋ ਸਖੀ ਮਿਲ ਖੇਲੇਂ ਹੋਰੀ
ਹੋਰੀ ਖੇਲੇ ਸਰਬ ਪੰਜਾਬ।
ਪੀਰੋ ਜੋ ਲਿਖਤ ਸਾਹਿਤ ਵਿਚ ਪਹਿਲੀਆਂ ਪੰਜਾਬੀ ਕਵਿਤ੍ਰੀਆਂ ’ਚੋਂ ਮੰਨੀ ਜਾਂਦੀ ਹੈ, ਹੋਲੀ ਬਾਰੇ ਲਿਖਦੀ ਹੈ:
ਹੋਰੀ ਖੇਲੋ ਮੋਰੇ ਲਾਲ, ਹੋਵੋ ਦੀਨਾਂ ਦੇਖ ਦਿਆਲ।
ਸੱਯਾਂ1 ਖੇਲੇਂ ਤੁਮਰੇ ਆਗੇ, ਅਵਰੇ2 ਖੇਲੇਂ ਬਾਲ ਗੁਪਾਲ।
ਪ੍ਰੇਮ ਪਿਆਰੇ ਖੇਲਣ ਲਾਗੇ, ਭਰ ਪਿਚਕਾਰੀ ਮੋਂ ਪੈ ਡਾਲ।
ਭਿਜੀ ਚੁਨਰਯਾ ਸੂਹੇ ਰੰਗੀ, ਨਾ ਕਰ ਜੋਰੀ ਮੋਰੇ ਨਾਲ।
ਸੱਯਾਂ ਉਜਰਨ ਕੋਊ ਚਾਰਾ, ਤੁਮ ਕਰ ਦਰਸਨ ਭਈ ਨਿਹਾਲ।
ਪੀਰੋ ਦਾਸ ਗੁਲਾਬ ਪਿਆਰੇ, ਜਿਨ ਕਾ ਤੇਜ ਨ ਕੋਊ ਝਾਲ।।੭।।
(1. ਸਈਆਂ 2. ਸਾਡੇ ਸਾਹਮਣੇ)
ਗੁਲਾਬਦਾਸੀ ਗ੍ਰੰਥ ‘ਰਾਗ ਸਾਗਰ’ ਵਿਚ ਹੋਲੀ ਖੇਡਣ ਦੇ ਵਰਨਣ ਪੜ੍ਹਨ ਵਾਲੇ ਹਨ। ਗੁਲਾਬ ਦਾਸ ਤੇ ਪੀਰੋ ਦੀ ਸ਼ਾਇਰੀ ਵਿਚ ਹੋਲੀ ਖੇਡਣ ਦਾ ਰੰਗ ਅਮੀਰ ਖੁਸਰੋ ਦੀ ਕਾਫ਼ੀ (ਆਜ ਰੰਗ ਹੈ) ਦੀ ਯਾਦ ਦਿਵਾਉਂਦਾ ਹੈ :
ਚਠੇ ਨਗਰ ਮੋਂ ਰੰਗ ਹੈ ਆਜ
ਹੋਰੀ ਖੇਲੇ ਦੂਲੋ ਮਹਾਰਾਜ।
ਦਰਸ਼ਨ ਪਾਵੇ ਘੋਲ ਘੁਮਾਵੇਂ
ਪੀਰੋ ਪਾਪ ਗਏ ਸਭ ਭਾਜ।
ਪੀਰੋ ਪੰਜਾਬ ਦੀ ਮਹਾਨ ਸ਼ਾਇਰਾ ਸੀ। ਗੁਲਾਬ ਦਾਸ ਉਸ ਸਮੇਂ ਦੇ ਪੰਜਾਬ ਵਿਚ ਆਜ਼ਾਦ ਵਿਚਾਰਧਾਰਾ ਦਾ ਵਾਹਨ ਸੀ। ਗੁਲਾਬਦਾਸੀਆਂ ਦੇ ਹੋਲੀ ਮਨਾਉਣ ਬਾਰੇ ਸ਼ਾਇਰ ਨੇ ਏਦਾਂ ਲਿਖਿਆ ਹੈ:
ਚੱਠਿਆਂ ਵਾਲੇ ਨਵੇਂ ਬ੍ਰਜ1 ਵਿਚ
ਸਤਿਗੁਰ2 ਖੇਲਣ ਹੋਲੀ
ਰੰਗਲੀ ਚੋਲੀ ਪਾ ਮਾਈ ਪੀਰੋ
ਸ਼ਬਦ ਗੁਰਾਂ ਦਾ ਬੋਲੀ
ਰੰਗ ਸੁੱਟਣ ਇਕ ਦੂਜੇ ਉੱਤੇ
ਸੁਰਤੀ ਰੰਗ ਰੰਗੋਲੀ
ਫੱਗਣ ਮਹੀਨੇ ਮੰਗਲ ਹੋਇਆ
ਲੀਲਾ ਹੋਈ ਅਬੋਲੀ
(1. ਕ੍ਰਿਸ਼ਨ ਦੀ ਜਨਮ ਭੂਮੀ ਬ੍ਰਿੰਦਾਬਨ/ਬ੍ਰਜ ਵੱਲ ਇਸ਼ਾਰਾ ਹੈ 2. ਗੁਲਾਬ ਦਾਸ ਨੂੰ ਉਨ੍ਹਾਂ ਦੇ ਸ਼ਿਸ਼ ਸਤਿਗੁਰ ਗੁਲਾਬ ਦਾਸ ਕਹਿੰਦੇ ਸਨ)
ਗੁਲਾਬਦਾਸੀ ਪ੍ਰੰਪਰਾ ਵਿਚ ਨੁਰੰਗ ਦੇਵੀ, ਬੀਬੀ ਦਿਕੋ, ਬੀਬੀ ਕਿਸੀ, ਬੀਬੀ ਬੂਈ, ਬੀਬੀ ਲੱਛਮੀ, ਬੀਬੀ ਭਾਨੀ, ਬੀਬੀ ਦਾਨੀ ਅਤੇ ਹੋਰ ਕਈ ਕਵਿੱਤਰੀਆਂ ਹੋਣੀਆਂ ਹਨ। ਪੀਰੋ ਲਿਖਦੀ ਹੈ ‘‘ਖੇਲਤ ਹੋਰੀ ਮੋਰੀ ਸੱਯਾਂ (ਸਈਆਂ), ਖੀਵੀ ਮਸਤ ਦਿਵਾਨੀ ਭੱਯਾਂ (ਭਈਆਂ)।’’ ਹੋਲੀ ਵਿਚ ਕੋਈ ਜ਼ੋਰ ਜ਼ਬਰਦਸਤੀ ਨਹੀਂ। ਇਹ ਮਨ ਦੇ ਹੁਲਾਸ ਦਾ ਤਿਉਹਾਰ ਹੈ। ਕਵੀ ਦਾ ਕਥਨ ਹੈ, ‘‘ਭੂਪ ਗੁਲਾਬ ਖਿਲਾਵਤ ਹੋਰੀ, ਖੇਲਤ ਸੰਤ ਨਾ ਕਰ ਕੋ ਜੋਰੀ।।’’ ਇਹ ਕਹਾਣੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਹੈ ਜਿਸ ਵਿਚ ਸਰਬ ਪੰਜਾਬ ਹੋਲੀ ਖੇਡ ਰਿਹਾ ਹੈ।