ਬੀ.ਐੱਸ.ਚਾਨਾ
ਸ੍ਰੀ ਆਨੰਦਪੁਰ ਸਾਹਿਬ, 28 ਮਾਰਚ
ਖ਼ਾਲਸਾਈ ਸ਼ਾਨੋ ਸ਼ੌਕਤ ਦੇ ਪ੍ਰਤੀਕ ਹੋਲੇ ਮਹੱਲੇ ਦਾ ਦੂਜਾ ਦਿਨ ਅੱਜ ਸਮੁੱਚੇ ਰੂਪ ਵਿੱਚ ਕਿਸਾਨੀ ਦੇ ਨਾਂ ਰਿਹਾ। ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਖਚਾਖਚ ਭਰੀ ਕਿਸਾਨੀ ਕਾਨਫਰੰਸ ਨੇ ਸਮੁੱਚਾ ਮੇਲਾ ਹੀ ਨਹੀਂ ਲੁੱਟਿਆ ਬਲਕਿ ਇਸ ਮੰਚ ਤੋਂ ਵਿਧਾਇਕਾਂ ਦੀ ਜੁਆਬਦੇਹੀ ਤੈਅ ਕਰਨ ਅਤੇ ਉਨ੍ਹਾਂ ਤੋਂ ਸੁਆਲ ਪੁੱਛਣ ਲਈ ਪਿੰਡ ਪੱਧਰ ’ਤੇ 21-21 ਮੈਂਬਰੀ ਕਮੇਟੀਆਂ ਦਾ ਗਠਨ ਕਰ ਕੇ ਹਰ ਪਿੰਡ ’ਚ ਬੁਲਾਰੇ ਤੇ ਆਗੂ ਪੈਦਾ ਕਰਨ ਦਾ ਅਹਿਦ ਵੀ ਲਿਆ ਗਿਆ।
ਅੱਜ ਕਾਨਫਰੰਸ ਵਿੱਚ ਮੁੱਖ ਤੌਰ ’ਤੇ ਪਹੁੰਚੇ ਬਲਵੀਰ ਸਿੰਘ ਰਾਜੇਵਾਲ, ਗੁਰਨਾਮ ਸਿੰਘ ਚੜੂਨੀ, ਹਰਿੰਦਰ ਸਿੰਘ ਲੱਖੋਵਾਲ, ਰੁਲਦੂ ਸਿੰਘ, ਅਦਾਕਾਰ ਤੇ ਸਥਾਨਕ ਇਕਾਈ ਦੇ ਸਰਪ੍ਰਸਤ ਯਗਰਾਜ ਸਿੰਘ, ਮਨਜੀਤ ਰਾਏ, ਕੁਲਦੀਪ ਸਿੰਘ ਵਜੀਦਪੁਰ, ਸ਼ਮਸ਼ੇਰ ਸਿੰਘ ਸ਼ੇਰਾ, ਜਸਪਾਲ ਸਿੰਘ ਭੋਲਾ, ਜੈਮਲ ਸਿੰਘ ਭੜੀ ਤੇ ਤਰਲੋਚਨ ਸਿੰਘ ਚੱਠਾ ਨੇ ਸੰਬੋਧਨ ਕੀਤਾ। ਇਸ ਮੌਕੇ ਰੁਲਦੂ ਸਿੰਘ ਨੇ ਸਮੁੱਚੇ ਪੰਜਾਬੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਭਾਜਪਾ ਦੇਸ਼ ਤੇ ਪੰਜਾਬ ’ਚ ਆਪਣਾ ਆਧਾਰ ਖਤਮ ਕਰ ਚੁੱਕੀ ਹੈ, ਇਸ ਲਈ ਹੁਣ ਸਾਰੇ ਪੰਜਾਬੀ ਭਾਜਪਾ ਅਤੇ ਭਾਜਪਾਈਆਂ ਦਾ ਸਮਾਜਿਕ ਬਾਈਕਾਟ ਕਰਨ। ਵਿਧਾਇਕ ਨਾਰੰਗ ਨਾਲ ਵਾਪਰੀ ਘਟਨਾ ਦੀ ਨਿੰਦਾ ਕਰਦਿਆਂ ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਉਦੋਂ ਵਾਪਰਦੀਆਂ ਹਨ, ਜਦੋਂ ਲੋਕਾਂ ਵਿੱਚ ਗੁੱਸਾ ਹੁੰਦਾ ਹੈ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਕਿ ਜਿਵੇਂ ਉਨ੍ਹਾਂ ਪੰਜਾਬ ਦੇ ਸਕੂਲਾਂ ਨੂੰ ਬੰਦ ਕੀਤਾ ਹੈ, ਉਸੇ ਤਰਜ਼ ’ਤੇ ਪੰਜਾਬ ਭਰ ’ਚੋਂ ਸ਼ਰਾਬ ਦੇ ਠੇਕੇ ਬੰਦ ਕਰਵਾਉਣ।
ਇਸ ਮੌਕੇ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਮੋਦੀ ਸਰਕਾਰ ਕਿਸਾਨਾਂ ਦੇ ਸਬਰ ਨੂੰ ਪਰਖ ਰਹੀ ਹੈ ਪਰ ਕਿਸਾਨ ਪਹਿਲਾਂ ਹੀ 6-6 ਮਹੀਨੇ ਦਾ ਰਾਸ਼ਨ ਨਾਲ ਲੈ ਕੇ ਗਏ ਹਨ ਜਦਕਿ ਅੱਗੇ ਦੀ ਵੀ ਤਿਆਰੀ ਕਰੀ ਬੈਠੇ ਹਨ, ਪਰ ਜਿੱਤੇ ਬਿਨਾਂ ਵਾਪਸ ਨਹੀਂ ਪਰਤਣਗੇ। ਉਨ੍ਹਾਂ ਦੱਸਿਆ ਕਿ 30 ਮਾਰਚ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਵਿਸ਼ੇਸ਼ ਮੀਟਿੰਗ ਹੋ ਰਹੀ ਹੈ ਜਿਸ ਵਿੱਚ ਵੱਡੇ ਪੱਧਰ ’ਤੇ ਨਵਾਂ ਪ੍ਰੋਗਰਾਮ ਐਲਾਨਿਆ ਜਾਵੇਗਾ। ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਮੋਦੀ ਨੇ ਦੇਸ਼ ਨੂੰ ਕਾਰਪੋਰੇਟ ਘਰਾਣਿਆਂ ਕੋਲ ਗਹਿਣੇ ਰੱਖ ਦਿੱਤਾ ਹੈ। ਉਨ੍ਹਾਂ ਸਿਆਸਤਦਾਨਾਂ ਦੇ ਵਪਾਰਕ ਘਰਾਣਿਆਂ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਜਿਨ੍ਹਾਂ ਨੇ ਆਮ ਜਨਤਾ ਵਾਸਤੇ ਕੁਝ ਨਹੀਂ ਕੀਤਾ, ਉਹ ਲੋਕ ਰਾਜ ਕਰ ਰਹੇ ਹਨ ਜਦਕਿ ਗ਼ਰੀਬ, ਕਿਸਾਨ, ਮਜ਼ਦੂਰ, ਮੁਲਾਜ਼ਮ ਪਿਸ ਰਹੇ ਹਨ। ਉਨ੍ਹਾਂ ਕੇਂਦਰ ਦੀ ਭਾਜਪਾ ਸਰਕਾਰ ਦੇ ਆਈ ਟੀ ਸੈੱਲ ’ਤੇ ਕਿਸਾਨੀ ਅੰਦੋਲਨ ਨੂੰ ਬਦਨਾਮ ਕਰਨ ਦੇ ਦੋਸ਼ ਲਾਉਂਦਿਆਂ ਕਿਹਾ ਕਿ ਅੱਜ ਜਿੱਥੇ ਭਾਜਪਾ ਦੇਸ਼ ਅੰਦਰ ਖਾਤਮੇ ਵੱਲ ਵਧ ਰਹੀ ਹੈ, ਉੱਥੇ ਹੀ ਨਰਿੰਦਰ ਮੋਦੀ ਇੱਕ ਤਾਨਾਸ਼ਾਹ ਹਾਕਮ ਦੇ ਤੌਰ ’ਤੇ ਵਿਸ਼ਵ ਭਰ ਵਿੱਚ ਜਾਣਿਆ ਜਾਣ ਲੱਗ ਪਿਆ ਹੈ। ਇਸ ਮੌਕੇ ਪਹੁੰਚੇ ਸਥਾਨਕ ਕਿਸਾਨ ਜਥੇਬੰਦੀ ਦੇ ਸਰਪ੍ਰਸਤ ਤੇ ਅਦਾਕਾਰ ਯੋਗਰਾਜ ਸਿੰਘ ਨੇ ਸਮੂਹ 32 ਕਿਸਾਨ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਬੇਸ਼ੱਕ ਸਾਹਮਣੇ ਆ ਕੇ ਚੋਣਾਂ ਨਾ ਲੜਨ ਪਰ ਪਿੱਛੇ ਰਹਿ ਕੇ 117 ਅਜਿਹੇ ਵਿਅਕਤੀਆਂ ਨੂੰ ਅੱਗੇ ਲੈ ਕੇ ਆਉਣ ਜੋ ਪੰਜਾਬ ਦੀ ਰਾਜਨੀਤੀ ’ਚ ਭਰ ਚੁੱਕੀ ਗੰਦਗੀ ਨੂੰ ਸਾਫ਼ ਕਰਨ ਦਾ ਮਾਦਾ ਰੱਖਣ।