ਐੱਨ.ਪੀ. ਧਵਨ
ਪਠਾਨਕੋਟ, 28 ਜਨਵਰੀ
ਲਮੀਨੀ ਸਥਿਤ ਬੋਹੜ ਦੇ ਦਰੱਖਤ ਕੋਲ ਨਾਲੀਆਂ ਵਿੱਚ ਅਟਕੀ ਹੋਈ ਗੰਦਗੀ ਕਾਰਨ ਸਥਾਨਕ ਲੋਕ ਅਤੇ ਦੁਕਾਨਦਾਰ ਨਰਕੀ ਜੀਵਨ ਜੀਉਣ ਲਈ ਮਜਬੂਰ ਹਨ। ਇਸ ਤੋਂ ਰੋਸ ਵਿੱਚ ਆ ਕੇ ਸਥਾਨਕ ਵਾਸੀਆਂ ਨੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਨਾਅਰੇਬਾਜ਼ੀ ਕਰਨ ਵਾਲਿਆਂ ਵਿੱਚ ਪ੍ਰੀਆ ਰਾਣੀ, ਦਰਸ਼ਨਾ, ਸਤਿਆ ਦੇਵੀ, ਬਿਸ਼ਣੋ ਦੇਵੀ, ਦੇਸ ਰਾਜ ਆਦਿ ਨੇ ਦੱਸਿਆ ਕਿ ਉਨ੍ਹਾਂ ਦੇ ਘਰਾਂ ਕੋਲ ਨਾਲੀਆਂ ਵਿੱਚ ਪਈ ਗੰਦਗੀ ਕਾਰਨ ਹਰ ਸਮੇਂ ਬਦਬੂਨੁਮਾ ਮਾਹੌਲ ਬਣਿਆ ਰਹਿੰਦਾ ਹੈ ਅਤੇ 2-3 ਮਹੀਨੇ ਤੋਂ ਇਸ ਗੰਦਗੀ ਦੀ ਸਫਾਈ ਨਹੀਂ ਕੀਤੀ ਗਈ। ਇਸ ਕਾਰਨ ਸਥਿਤੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਜਿੱਥੇ ਗੰਦਗੀ ਫੈਲੀ ਹੋਈ ਹੈ, ਉਥੇ ਇੱਕ ਦੁਕਾਨ ’ਤੇ ਲੋਕ ਭੋਜਨ ਖਾਣ ਲਈ ਆਉਂਦੇ ਹਨ ਪਰ ਉਹ ਗੰਦਗੀ ਨੂੰ ਦੇਖ ਕੇ ਹੁਣ ਮੂੰਹ ਫੇਰਨ ਲੱਗ ਪਏ ਹਨ। ਸਫਾਈ ਕਰਮਚਾਰੀਆਂ ਦੇ ਇਸ ਖੇਤਰ ਵਿੱਚ ਨਾ ਆਉਣ ਕਾਰਨ ਜ਼ਿਆਦਾਤਰ ਲੋਕ ਆਪਣੇ ਘਰਾਂ ਦੀ ਗੰਦਗੀ ਵੀ ਹੁਣ ਇਨ੍ਹਾਂ ਨਾਲੀਆਂ ਵਿੱਚ ਸੁੱਟਣ ਲੱਗ ਗਏ ਹਨ। ਉਨ੍ਹਾਂ ਖਦਸ਼ਾ ਪ੍ਰਗਟ ਕੀਤਾ ਕਿ ਕਿਸੇ ਵੇਲੇ ਵੀ ਇਸ ਖੇਤਰ ਵਿੱਚ ਮਹਾਮਾਰੀ ਫੈਲ ਸਕਦੀ ਹੈ।
ਲੋਕਾਂ ਦਾ ਕਹਿਣਾ ਸੀ ਕਿ ਰਾਜਸੀ ਆਗੂਆਂ ਦੇ ਸਫਾਈ ਮੁਹਿੰਮ ਨੂੰ ਲੈ ਕੇ ਨਿਤ ਬਿਆਨ ਆਉਂਦੇ ਹਨ ਪਰ ਇੱਥੇ ਉਨ੍ਹਾਂ ਦੇ ਬਿਆਨਾਂ ਦੀ ਫੂਕ ਨਿਕਲਦੀ ਸਪੱਸ਼ਟ ਨਜ਼ਰ ਆਉਂਦੀ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਖੇਤਰ ਅੰਦਰ ਪੈਂਦੀਆਂ ਨਾਲੀਆਂ ਦੀ ਸਫਾਈ ਕਰਵਾ ਕੇ ਗੰਦਗੀ ਨੂੰ ਦੂਰ ਦੁਰਾਡੇ ਕਿਸੇ ਜਗ੍ਹਾ ’ਤੇ ਸੁੱਟਿਆ ਜਾਵੇ।