ਹਰਦੀਪ ਸਿੰਘ ਜਟਾਣਾ
ਮਾਨਸਾ, 28 ਜਨਵਰੀ
ਟਰੈਕਟਰ ਪਰੇਡ ਵਾਲੇ ਦਿਨ ਦਿੱਲੀ ਵਿੱਚ ਵਾਪਰੇ ਮਾਮੂਲੀ ਘਟਨਾਕ੍ਰਮ ਨੂੰ ਲੈ ਕੇ ਟੀਵੀ ਚੈਨਲਾਂ ਤੇ ਇੱਕ ਪਾਰਟੀ ਦੇ ਸੋਸ਼ਲ ਮੀਡੀਆ ਵਿੰਗ ਵੱਲੋਂ ਕੀਤੇ ਜਾ ਰਹੇ ਕੂੜ ਪ੍ਰਚਾਰ ਨੂੰ ਮਾਤ ਦੇਣ ਲਈ ਕਿਸਾਨ ਮਜ਼ਦੂਰਾਂ ਦੇ ਪੜ੍ਹੇ ਲਿਖੇ ਧੀਆਂ ਪੁੱਤਰਾਂ ਨੇ ਵੱਡੇ ਪੱਧਰ `ਤੇ ਮੁਹਿੰਮ ਵਿੱਢੀ ਦਿੱਤੀ ਹੈ। ਮੁਹਿੰਮ ਨੂੰ ਸਫਲ ਬਣਾ ਕੇ ਹਰ ਸੱਚੀ ਜਾਣਕਾਰੀ ਆਮ ਜਨਤਾ ਤੱਕ ਪੁੱਜਦੀ ਕਰਨ ਲਈ ਪਿੰਡਾਂ ਦੇ ਨੌਜਵਾਨ ਇੰਟਰਨੈਟ ਸੇਵਾਵਾਂ ਦੀ ਮਦਦ ਲੈ ਰਹੇ ਹਨ। ਜਿੱਥੇ ਪਿੰਡਾਂ ਦੇ ਗੁਰੂ ਘਰਾਂ ਤੋਂ ਦਿਨ ਵਿੱਚ ਦੋ ਵਾਰ ਦਿੱਲੀ ਮੋਰਚਿਆਂ ’ਚ ਡਟੇ ਲੋਕਾਂ ਦੀ ਖੈਰ ਤੇ ਚੜ੍ਹਦੀ ਕਲਾ ਦੀਆਂ ਜਾਣਕਾਰੀਆਂ ਸੰਗਤ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ। ਉੱਥੇ ਹੀ ਨੌਜਵਾਨ ਦਿੱਲੀ ਦੇ ਟਿਕਰੀ, ਸਿੰਘੂ, ਗਾਜੀਪੁਰ ਆਦਿ ਬਾਰਡਰਾਂ ’ਤੇ ਪਰੇਡ ਬਾਅਦ ਪਰਤੇ ਲੋਕਾਂ ਦੀਆਂ ਤਸਵੀਰਾਂ ਘਰਾਂ ’ਚ ਬੈਠੇ ਬਜ਼ੁਰਗਾਂ ਤੇ ਔਰਤਾਂ ਨੂੰ ਦਿਖਾ ਰਹੇ ਹਨ ਤਾਂ ਜੋ ਅਫਵਾਹਾਂ ਕਾਰਨ ਕਿਸੇ ਦੇ ਵੀ ਹੌਸਲੇ ਪਸਤ ਨਾ ਹੋਣ।
ਕੋਟ ਲੱਲੂ ਦੇ ਗੁਰਮੀਤ ਸਿੰਘ ਨੇ ਦੱਸਿਆ ਕਿ ਉਸਦੇ ਵੀਹ ਦੋਸਤਾਂ ਦਾ ਗੁਰੱਪ ਹਰ ਰੋਜ਼ ਕਈ ਕਈ ਵਾਰ ਦਿੱਲੀ ਵਿੱਚ ਸੰਪਰਕ ਕਰਦਾ ਹੈ। ਉਨ੍ਹਾਂ ਕਿਹਾ ਗੋਦੀ ਮੀਡੀਆ ਲਾਲ ਕਿਲੇ ਵੱਲ ਗਏ ਵੀਹ ਟਰੈਕਟਰ ਤਾਂ ਦਿਖਾ ਰਿਹਾ ਹੈ ਪਰ ਤਿੰਨ ਲੱਖ ਤੋਂ ਵੀ ਜ਼ਿਆਦਾ ਟਰੈਕਟਰਾਂ ਰਾਹੀਂ ਤੇ ਪੈਦਲ ਗਏ ਪੱਚੀ ਲੱਖ ਤੋਂ ਵੀ ਜ਼ਿਆਦਾ ਲੋਕਾਂ ਵੱਲੋਂ ਸ਼ਾਂਤੀਪੂਰਵਕ ਕੀਤੀ ਪਰੇਡ ਬਾਰੇ ਕੁਝ ਵੀ ਨਹੀਂ ਬੋਲ ਰਿਹਾ। ਉਨ੍ਹਾਂ ਦੱਸਿਆ ਅਸੀਂ ਪਿੰਡਾਂ `ਚ ਪਿੱਛੇ ਰਹੇ ਪਰਿਵਾਰਕ ਮੈਂਬਰਾਂ ਨੂੰ ਟਰੈਕਟਰ ਪਰੇਡ ਦੀਆਂ ਉਹ ਤਸਵੀਰਾਂ ਜਿਨ੍ਹਾਂ ਵਿੱਚ ਦਿੱਲੀ ਦੇ ਲੋਕ ਕਿਸਾਨਾਂ `ਤੇ ਫੁੱਲ ਸੁੱਟ ਰਹੇ ਹਨ, ਸਥਾਨਕ ਲੋਕ ਲੰਗਰ ਪਾਣੀ ਛਕਾ ਰਹੇ ਹਨ ਆਦਿ ਦਿਖਾ ਰਹੇ ਹਾਂ। ਪਿੰਡ ਖੋਖਰ ਕਲਾਂ ਦੇ ਚਰਨਜੀਤ ਸਿੰਘ ਨੇ ਦੱਸਿਆ ਉਹ ਦਿਨ ਵਿੱਚ ਪੰਜ ਘੰਟੇ ਸੋਸ਼ਲ ਮੀਡੀਆ ’ਤੇ ਕਿਸਾਨੀ ਸੰਘਰਸ਼ ਦੀ ਸਫਲਤਾ ਲਈ ਲਾ ਰਿਹਾ ਹੈ। ਰਾਏਪੁਰ ਦੇ ਹੇਮਜੀਤ ਸਿੰਘ ਨੇ ਕਿਹਾ ਕਿ ਉਹ ਸਫਲ ਹੋਏ ਕਿਸਾਨੀ ਸੰਘਰਸ਼ ਦੀ ਹਰ ਜਾਣਕਾਰੀ ਲੋਕਾਂ ਤੱਕ ਪੁੱਜਦੀ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਸੱਚ ਦੇ ਫੈਲਾਅ ਲਈ ਉਹ ਪੰਜਾਬ ਦੇ ਸੰਘਰਸ਼ੀ ਲੋਕਾਂ ਦੀਆ ਤਸਵੀਰਾਂ ਦਿੱਲੀ ਭੇਜ ਰਹੇ ਹਨ ਤੇ ਦਿੱਲੀ ਤੋਂ ਤਸਵੀਰਾਂ ਮੰਗਵਾ ਕੇ ਲੋਕਾਂ ਨੂੰ ਦਿਖਾ ਰਹੇ ਹਨ।