ਇਕਬਾਲ ਸਿੰਘ ਸ਼ਾਂਤ
ਲੰਬੀ, 28 ਜਨਵਰੀ
ਮੱਲਵਾਲਾ ਤੋਂ ਮਾਰ-ਕੁੱਟ ਕਰਕੇ ਜ਼ਖ਼ਮੀ ਹਾਲਤ ਪਿੰਡ ਮਾਨ ਵਿੱਚ ਸੁੱਟੀ 23 ਸਾਲਾ ਤਲਾਕਸ਼ੁਦਾ ਔਰਤ ਦੀ ਅੱਜ ਪ੍ਰਾਇਮਰੀ ਸਿਹਤ ਕੇਂਦਰ ਲੰਬੀ ’ਚ ਸੁਚੱਜੀ ਸਿਹਤ ਸੁਵਿਧਾ ਨਾ ਮਿਲਣ ਕਰਕੇ ਮੌਤ ਹੋ ਗਈ। ਮ੍ਰਿਤਕਾ ਦੀ ਮਾਂ ਦਾ ਦੋਸ਼ ਹੈ ਕਿ ਸਿਹਤ ਅਮਲੇ ਨੇ ਕਾਨੂੰਨੀ ਧਾਰਾਵਾਂ ਦੇ ਹਵਾਲੇ ਤਹਿਤ ਐੱਸਡੀਐੱਮ ਦੀ ਮਨਜੂਰੀ ਦਾ ਅੜਿੱਕਾ ਪਾ ਕੇ ਜ਼ਖ਼ਮੀ ਦਾ ਸਹੀ ਇਲਾਜ ਨਹੀਂ ਕੀਤਾ। ਮ੍ਰਿਤਕਾ ਮਾਨ ਪਿੰਡ ਦੀ ਜੰਮਪਲ ਸੀ ਤੇ ਵੀਹ ਸਾਲ ਪਹਿਲਾਂ ਮੱਲਵਾਲਾ ’ਚ ਭੂਆ-ਫੁੱਫੜ ਨੇ ਗੋਦ ਪਾਈ ਸੀ। 2016 ’ਚ ਉਸਦਾ ਵਿਆਹ ਗੁਰੂਸਰ ਜੋਧਪੁਰ ’ਚ ਹੋਇਆ ਸੀ ਅਤੇ ਮ੍ਰਿਤਕਾ ਦੇ ਤਿੰਨ ਸਾਲ ਦਾ ਲੜਕਾ ਅਰਮਾਨ ਹੈ। ਉਸਦੇ ਭੂਆ-ਫੁੱਫੜ ਦੀ ਮੌਤ ਹੋ ਚੁੱਕੀ ਹੈ। ਪਤੀ ਨਾਲ ਤਲਾਕ ਬਾਅਦ ਗਗਨਦੀਪ, ਦਾਦੀ ਜਰਨੈਲ ਕੌਰ ਨਾਲ ਮੱਲਵਾਲਾ ਰਹਿੰਦੀ ਸੀ। ਜਰਨੈਲ ਕੌਰ ਨੇ ਕਿਹਾ ਕਿ ਉਸਦੇ ਘਰ ਕੋਲ ਰਹਿੰਦੇ ਨੇੜਲੀ ਰਿਸ਼ਤੇਦਾਰੀ ’ਚੋਂ ਦੋ ਭਰਾ ਜ਼ਬਰਦਸਤੀ ਉਸਦੇ ਘਰ ਵੜ ਜਾਂਦੇ ਸੀ। ਇਨ੍ਹਾਂ ਨੇ ਗਗਨਦੀਪ ਕੌਰ ਨੂੰ ਨਸ਼ਿਆਂ ’ਤੇ ਲਾ ਦਿੱਤਾ ਸੀ। ਮ੍ਰਿਤਕਾ ਦੀ ਮਾਂ ਰਣਜੀਤ ਕੌਰ ਵਾਸੀ ਮਾਨ ਨੇ ਕਿਹਾ ਕਿ ਉਸਦੀ ਲੜਕੀ ਗਗਨਦੀਪ 24 ਜਨਵਰੀ ਸ਼ਾਮ ਨੂੰ ਜ਼ਖ਼ਮੀ ਹਾਲਤ ’ਚ ਮਾਨ ਦੇ ਬੱਸ ਅੱਡੇ ’ਤੇ ਮਿਲੀ ਸੀ। ਮੱਲਵਾਲਾ ਵਾਸੀ ਮਨਦੀਪ ਸਿੰਘ ਤੇ ਸੰਦੀਪ ਸਿੰਘ ਤੇ ਅਜੈਬ ਸਿੰਘ ਵਾਸੀ ਨਰੂਆਣਾ ਨੇ ਗਗਨਦੀਪ ਕੌਰ ਦੀ ਮਾਰਕੁੱਟ ਕਰਕੇ ਜ਼ਖ਼ਮੀ ਕਰ ਦਿੱਤਾ। ਰਣਰੀਤ ਕੌਰ ਅਨੁਸਾਰ ਇਲਾਜ ਖਾਤਰ ਗਣਤੰਤਰ ਦਿਵਸ ਕਾਰਨ ਐੱਸਡੀਐੱਮ ਦਫ਼ਤਰ ਤੋਂ ਮਨਜੂਰੀ ਨਹੀਂ ਮਿਲੀ। ਸਿਹਤ ਕੇਂਦਰ ’ਚ ਗਗਨਦੀਪ ਕੌਰ ਦੀ ਸੰਭਾਲ ਨਹੀਂ ਕੀਤੀ ਗਈ ਤੇ ਅੱਜ ਉਸਨੇ ਦਮ ਤੋੜ ਦਿੱਤਾ।
ਲੰਬੀ ਥਾਣਾ ਨੇ ਰਣਜੀਤ ਕੌਰ ਦੇ ਬਿਆਨਾਂ ’ਤੇ ਮਨਦੀਪ ਸਿੰਘ ਤੇ ਸੰਦੀਪ ਸਿੰਘ ਪੁੱਤਰ ਜਗਜੀਤ ਸਿੰਘ ਅਤੇ ਅਜੈਬ ਸਿੰਘ ਖ਼ਿਲਾਫ਼ ਹੱਤਿਆ ਦਾ ਕੇਸ ਦਰਜ ਕੀਤਾ ਹੈ। ਦੂਜੇ ਪਾਸੇ ਪੀਐੱਚਸੀ ਲੰਬੀ ਦੇ ਮੁਖੀ ਡਾ. ਜਗਦੀਪ ਚਾਵਲਾ ਨੇ ਸੁਚੱਜੇ ਇਲਾਜ ਦੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ।