ਪਰਸ਼ੋਤਮ ਬੱਲੀ
ਬਰਨਾਲਾ, 31 ਜੁਲਾਈ
ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਰੇਲਵੇ ਸਟੇਸ਼ਨ ‘ਤੇ ਲੱਗੇ ਪੱਕੇ ਧਰਨੇ ਦੌਰਾਨ ਅੱਜ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਨ ‘ਸਾਮਰਾਜ ਵਿਰੋਧੀ ਦਿਵਸ’ ਵਜੋਂ ਮਨਾਇਆ ਗਿਆ। ਦੋ ਮਿੰਟ ਦਾ ਮੌਨ ਧਾਰ ਕੇ ਭਾਵਭਿੰਨੀ ਸ਼ਰਧਾਂਜਲੀ ਦੇਣ ਬਾਅਦ ਸ਼ਹੀਦ ਊਧਮ ਸਿੰਘ ਦੇ ਪ੍ਰਸੰਗ ‘ਚ ਕਵੀਸ਼ਰੀਆਂ ਤੇ ਇਨਕਲਾਬੀ ਗੀਤਾਂ ਦਾ ਦੌਰ ਚੱਲਿਆ। ਬੁਲਾਰਿਆਂ ਨੇ ਸ਼ਹੀਦ ਊਧਮ ਸਿੰਘ ਦੇ ਜੀਵਨ ਸੰਘਰਸ਼ ਤੇ ਕੁਰਬਾਨੀ ‘ਤੇ ਚਾਨਣਾ ਪਾਇਆ। ਧਰਨੇ ਨੂੰ ਬਲਵੰਤ ਸਿੰਘ ਉਪਲੀ, ਕਰਨੈਲ ਸਿੰਘ ਗਾਂਧੀ, ਉਜਾਗਰ ਸਿੰਘ ਬੀਹਲਾ, ਨਛੱਤਰ ਸਿੰਘ ਸਹੌਰ, ਮੇਲਾ ਸਿੰਘ ਕੱਟੂ, ਨੇਕਦਰਸ਼ਨ ਸਿੰਘ, ਬਿੱਕਰ ਸਿੰਘ ਔਲਖ, ਰਣਧੀਰ ਸਿੰਘ ਰਾਜਗੜ੍ਹ, ਰਮਨਦੀਪ ਕੌਰ ਖੁੱਡੀ ਕਲਾਂ, ਜਸਪਾਲ ਕੌਰ ਕਰਮਗੜ੍ਹ, ਬਲਜੀਤ ਸਿੰਘ ਚੌਹਾਨਕੇ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਭਾਜਪਾ ਆਗੂਆਂ ਵੱਲੋਂ ਕਥਿਤ ਧਮਕੀਆਂ ਨੂੰ ਬੁਖ਼ਲਾਹਟ ਦੀ ਨਿਸ਼ਾਨੀ ਦੱਸਿਆ। ਅੱਜ ਰਾਜਵਿੰਦਰ ਸਿੰਘ ਮੱਲੀ ਤੇ ਜਗਰੂਪ ਠੁੱਲੀਵਾਲ ਦੇ ਕਵੀਸ਼ਰੀ ਜਥਿਆਂ, ਬਹਾਦਰ ਸਿੰਘ ਕਾਲਾ ਧਨੌਲਾ, ਨਰਿੰਦਰਪਾਲ ਸਿੰਗਲਾ, ਸੁਰਜੀਤ ਰਾਮਗੜ੍ਹ ਤੇ ਮੁਨਸ਼ੀ ਖਾਨ ਨੇ ਕਵੀਸ਼ਰੀਆਂ, ਗੀਤ ਤੇ ਕਵਿਤਾਵਾਂ ਸੁਣਾਈਆਂ।