ਚੇਨਈ, 28 ਮਾਰਚ
ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਅੱਜ ਏਆਈਏਡੀਐੱਮਕੇ ਦੇ ਪ੍ਰਮੁੱਖ ਆਗੂ ਤੇ ਤਾਮਿਲਨਾਡੂ ਦੇ ਮੁੱਖ ਮੰਤਰੀ ਕੇ. ਪਲਾਨੀਸਵਾਮੀ ’ਤੇ ਵਰ੍ਹਦਿਆਂ ਦੋਸ਼ ਲਾਇਆ ਕਿ ਉਹ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਹੋਣ ਕਾਰਨ ਕਸੂਤੇ ਫਸ ਗਏ ਹਨ ਅਤੇ ਉਨ੍ਹਾਂ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਗੇ ਝੁਕਣ ਲਈ ਮਜਬੂਰ ਹੋਣਾ ਪਿਆ ਕਿਉਂਕਿ ਉਹ ਭ੍ਰਿਸ਼ਟਾਚਾਰ ’ਚ ਸ਼ਾਮਲ ਸਨ। ਛੇ ਅਪਰੈਲ ਦੀਆਂ ਵਿਧਾਨ ਸਭਾ ਚੋਣਾਂ ਲਈ ਇੱਕ ਜਨਤਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਗਾਂਧੀ ਨੇ ਕਿਹਾ ਕਿ ਜਦੋਂ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਤਾਮਿਲਨਾਡੂ ਦੇ ਮੁੱਖ ਮੰਤਰੀ ਨੂੰ ਕੰਟੋਰਲ ਕਰਦਿਆਂ ਤੇ ਚੁੱਪ-ਚਪੀਤੇ ਆਪਣੇ ਪੈਰੀਂ ਹੱਥ ਲਵਾਉਂਦਿਆਂ ਵੇਖਿਆ ਤਾਂ ਉਹ ਇਸ ਗੱਲ ਨੂੰ ਮੰਨਣ ਲਈ ਤਿਆਰ ਹਨ। ਉੱਤਰ ਪ੍ਰਦੇਸ਼ ਵਿੱਚ ਇੱਕ ‘ਆਗੂ’ ਨੂੰ ਸ਼ਾਹ ਅੱਗੇ ਝੁਕਣਾ ਪਿਆ ਕਿਉਂਕਿ ਉਹ ਭ੍ਰਿਸ਼ਟ ਸੀ ਤੇ ਇਸ ਵਿਅਕਤੀ ਨੇ ਭ੍ਰਿਸ਼ਟਾਚਾਰ ਕਾਰਨ ਆਪਣੀ ਆਜ਼ਾਦੀ ਗੁਆ ਲਈ ਅਤੇ ਪਲਾਨੀਸਵਾਮੀ ਨੂੰ ਵੀ ਇਸੇ ਤਰ੍ਹਾਂ ਦੀ ਸਥਿਤੀ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਸ੍ਰੀ ਗਾਂਧੀ ਨੇ ਯੂਪੀ ਦੇ ਕਿਸੇ ਆਗੂ ਦਾ ਨਾਂ ਨਹੀਂ ਲਿਆ। ਉਨ੍ਹਾਂ ਕਿਹਾ,‘ਤ੍ਰਾਸਦੀ ਇਹ ਹੈ ਕਿ ਤਾਮਿਲਨਾਡੂ ਦੇ ਮੁੱਖ ਮੰਤਰੀ ਅਮਿਤ ਸ਼ਾਹ ਅੱਗੇ ਝੁਕਣਾ ਨਹੀਂ ਚਾਹੁੰਦੇ ਅਤੇ ਕੋਈ ਵੀ ਤਾਮਿਲ ਵਿਅਕਤੀ ਅਜਿਹਾ ਨਹੀਂ ਕਰਨਾ ਚਾਹੇਗਾ।’
ਸ੍ਰੀ ਗਾਂਧੀ ਨੇ ਦੋਸ਼ ਲਾਇਆ ਕਿ ਪਲਾਨੀਸਵਾਮੀ ਨੂੰ ਸ਼ਾਹ ਅੱਗੇ ਝੁਕਣ ਲਈ ਮਜਬੂਰ ਹੋਣਾ ਪਿਆ ਕਿਉਂਕਿ ਉਨ੍ਹਾਂ ਨੇ ਭ੍ਰਿਸ਼ਟਾਚਾਰ ਕੀਤਾ ਹੈ। ਬਦਕਿਸਮਤੀ ਨਾਲ, ਉਨ੍ਹਾਂ ਤਾਮਿਲਨਾਡੂ ਦੇ ਲੋਕਾਂ ਤੋਂ ਜੋ ਪੈਸਾ ਚੋਰੀ ਕੀਤਾ ਹੈ, ਉਸ ਨਾਲ ਉਹ ਫਸ ਗਏ ਹਨ। ਪਹਿਲਾਂ ਚੋਣਾਂ ਤਾਮਿਲਨਾਡੂ ਦੀਆਂ ਰਾਜਨੀਤਕ ਪਾਰਟੀਆਂ- ਅੰਨਾ ਡੀਐੱਮਕੇ ਤੇ ਡੀਐੱਮਕੇ ਵਿਚਾਲੇ ਲੜੀਆਂ ਜਾਂਦੀਆਂ ਸਨ ਪਰ ਮੌਜੂਦਾ ਸਮੇਂ ਇਹ ਚੋਣ ਅੰਨਾ ਡੀਐੱਮਕੇ, ਆਰਐੱਸਐੱਸ, ਮੋਦੀ, ਸ਼ਾਹ (ਭਾਜਪਾ) ਅਤੇ ਤਾਮਿਲ ਲੋਕਾਂ ਵਿਚਾਲੇ ਲੜੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਤਾਮਿਲਨਾਡੂ ਵਿੱਚ ਅੰਨਾ ਡੀਐੱਮਕੇ-ਭਾਜਪਾ ਫਰੰਟ ਦਾ ਖਾਤਮਾ ਹੋ ਜਾਵੇਗਾ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਸਟਾਲਿਨ ਤਾਮਿਲਨਾਡੂ ਦੇ ਮੁੱਖ ਮੰਤਰੀ ਬਣਨਗੇ। -ਪੀਟੀਆਈ
‘ਅੰਨਾਡੀਐਮਕੇ ਸਿਰਫ਼ ਮੁਖੌਟਾ, ਇਸ ਦੇ ਪਿੱਛੇ ਸੰਘ ਤੇ ਭਾਜਪਾ’
ਸਾਲਮ: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਤਾਮਿਲਨਾਡੂ ’ਚ ਕਿਹਾ ਕਿ ਅੰਨਾਡੀਐਮਕੇ ਸਿਰਫ਼ ਇਕ ‘ਮਾਸਕ’ ਹੈ, ਜਦਕਿ ਇਸ ਦੇ ਪਿੱਛੇ ਆਰਐੱਸਐੱਸ ਤੇ ਭਾਜਪਾ ਹੈ। ਗਾਂਧੀ ਨੇ ਕਿਹਾ ਕਿ ਅੱਜਕੱਲ੍ਹ ਹਰ ਕੋਈ ਮਾਸਕ ਪਾ ਰਿਹਾ ਹੈ ਤੇ ਇਸ ਦੇ ਪਿੱਛੇ ਲੁਕਿਆਂ ਨੂੰ ਪਛਾਨਣਾ ਮੁਸ਼ਕਲ ਹੋ ਗਿਆ ਹੈ। ਰਾਹੁਲ ਨੇ ਕਿਹਾ ਕਿ ਚੋਣ ਲੜ ਰਹੀ ਅੰਨਾਡੀਐਮਕੇ ਹੁਣ ਪੁਰਾਣੀ ਅੰਨਾਡੀਐਮਕੇ ਨਹੀਂ ਹੈ। ਕਾਂਗਰਸੀ ਆਗੂ ਨੇ ਇਸ ਮੌਕੇ ਡੀਐਮਕੇ ਦੀ ਅਗਵਾਈ ਵਾਲੇ ਗੱਠਜੋੜ ਲਈ ਵੋਟ ਮੰਗੇ।