ਪੱਤਰ ਪ੍ਰੇਰਕ
ਮਾਨਸਾ, 1 ਜੁਲਾਈ
ਮਾਲਵਾ ਪੱਟੀ ਵਿੱਚ ਪਾਰਾ 42 ਡਿਗਰੀ ਨੂੰ ਛੂਹਣ ਕਾਰਨ ਗਰਮੀ ਦੇ ਕਹਿਰ ਕਾਰਨ ਲੋਕ ਬੇਹੱਦ ਪ੍ਰੇਸ਼ਾਨ ਹਨ। ਅੱਜ ਇੱਥੇ ਬਾਜ਼ਾਰ ਵਿੱਚ 12 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਪਹਿਲਾਂ ਦੇ ਮੁਕਾਬਲੇ ਲੋਕਾਂ ਦੀ ਆਵਾਜਾਈ ਲਗਭਗ ਅੱਧੀ ਰਹੀ। ਇਸੇ ਦੌਰਾਨ ਮੌਸਮ ਮਹਿਕਮੇ ਦੀ ਜਾਣਕਾਰੀ ਮੁਤਾਬਕ ਕੱਲ੍ਹ ਤੱਕ ਪਾਰੇ ਦੇ 43 ਡਿਗਰੀ ਤੋਂ ਉਪਰ ਜਾਣ ਦਾ ਖਦਸ਼ਾ ਹੈ ਅਤੇ ਐਤਵਾਰ ਤੱਕ ਕੋਈ ਮੀਂਹ ਪੈਣ ਦੀ ਉਮੀਦ ਵੀ ਨਹੀਂ ਹੈ। ਗਰਮੀ ਨੇ ਦੁਕਾਨਦਾਰਾਂ ਅਤੇ ਹੋਰ ਨਿੱਜੀ ਸੇਵਾਵਾਂ ਉੱਪਰ ਮਾੜਾ ਅਸਰ ਪਾਇਆ ਹੈ। ਇੰਜ ਹੀ ਕਈ ਬੱਚੇ ਪਾਣੀ ਦੀ ਘਾਟ ਅਤੇ ਡਾਇਰੀਆ ਦਾ ਸ਼ਿਕਾਰ ਹੋ ਚੁੱਕੇ ਹਨ ਅਤੇ ਜ਼ਿਆਦਾਤਰ ਬੱਚੇ ਘਰਾਂ ਅੰਦਰ ਹੀ ਰਹਿਣ ਲਈ ਮਜਬੂਰ ਹਨ। ਬੱਸਾਂ ਵਿੱਚ ਵੀ ਦੁਪਿਹਰ ਸਮੇਂ ਮੁਸਾਫਰਾਂ ਦੀ ਗਿਣਤੀ ਕਾਫ਼ੀ ਘੱਟ ਰਹੀ ਅਤੇ ਸਫ਼ਰ ਕਰਨ ਵਾਲੇ ਲੋਕਾਂ ਨੂੰ ਵੀ ਗਰਮੀ ਨੇ ਬੇਹਾਲ ਕੀਤਾ ਹੋਇਆ ਸੀ।
ਲੋਕ ਦੁਪਹਿਰ ਵੇਲੇ ਘਰਾਂ ’ਚੋਂ ਛੱਤਰੀਆਂ ਲੈ ਕੇ ਨਿੱਕਲਣ ਲੱਗੇ ਹਨ। ਗਰਮੀ ਕਾਰਨ ਕੂਲਰ ਤੇ ਪੱਖੇ ਵੀ ਫੇਲ੍ਹ ਸਾਬਿਤ ਹੋ ਰਹੇ ਹਨ। ਡਾਕਟਰਾਂ ਨੇ ਗਰਮੀ ਤੋਂ ਬਚਾਅ ਲਈ ਲੋਕਾਂ ਨੂੰ ਵੱਧ ਤੋਂ ਵੱਧ ਪਾਣੀ ਅਤੇ ਫ਼ਲਾਂ ਸਮੇਤ ਠੰਢੀ ਤਸੀਰ ਵਾਲੀਆਂ ਚੀਜ਼ਾਂ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਹੈ।