ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 14 ਅਕਤੂਬਰ
ਪੰਜਾਬ ਵਿੱਚੋਂ ਮੌਨਸੂਨ ਦੇ ਵਿਦਾ ਹੁੰਦਿਆਂ ਹੀ ਮੌਸਮ ਨੇ ਕਰਵਟ ਲਈ ਹੈ। ਪਿਛਲੀ ਦਿਨੀਂ ਪਏ ਮੀਂਹ ਕਾਰਨ ਐਤਕੀਂ ਮੌਸਮ ਠੰਢਾ ਹੋ ਗਿਆ ਹੈ, ਜਿਸ ਦੇ ਮੱਦੇਨਜ਼ਰ ਮੌਸਮ ਵਿਭਾਗ ਨੇ ਇਸ ਵਾਰ ਸਮੇਂ ਤੋਂ ਪਹਿਲਾਂ ਠੰਢ ਪੈਣ ਦੀ ਸੰਭਾਵਨਾ ਜਤਾਈ ਹੈ।
ਹੁਣ ਰਾਤ ਸਮੇਂ ਹੌਲੀ-ਹੌਲੀ ਠੰਢ ਵਧਣੀ ਸ਼ੁਰੂ ਹੋ ਚੁੱਕੀ ਹੈ, ਜਦੋਂ ਕਿ ਘੱਟੋ-ਘੱਟ ਤਾਪਮਾਨ 17-18 ਡਿਗਰੀ ’ਤੇ ਆ ਚੁੱਕਿਆ ਹੈ। ਸਨਅਤੀ ਸ਼ਹਿਰ ਵਿੱਚ ਸ਼ੁੱਕਰਵਾਰ ਨੂੰ ਘੱਟੋ ਘੱਟ ਤਾਪਮਾਨ 18 ਡਿਗਰੀ ਰਿਹਾ, ਜਦੋਂ ਕਿ ਦਿਨ ਸਮੇਂ ਤਾਪਮਾਨ 30 ਡਿਗਰੀ ਰਿਹਾ। ਪੀਏਯੂ ਦੇ ਮੌਸਮ ਵਿਭਾਗ ਦੇ ਵਿਗਿਆਨੀਆਂ ਨੇ ਵੀ ਇਹ ਅਲਰਟ ਦਿੱਤਾ ਹੈ ਕਿ ਹੁਣ ਅੱਗੇ ਮੌਸਮ ਡਰਾਈ ਰਹਿਣ ਵਾਲਾ ਹੈ। ਇਸ ਡਰਾਈ ਮੌਸਮ ’ਚ ਨਮੀ ਦੀ ਮਾਤਰਾ ਦਿਨ ਦੇ ਸਮੇਂ ਘੱਟ ਹੋ ਜਾਂਦੀ ਹੈ ਪਰ ਸਵੇਰੇ ਤੇ ਰਾਤ ਸਮੇਂ ਨਮੀ ਜ਼ਿਆਦਾ ਹੋਣ ਨਾਲ ਖੁੱਲ੍ਹੇ ਮੈਦਾਨਾਂ ’ਚ ਧੁੰਦ ਵੀ ਦੇਖਣ ਨੂੰ ਮਿਲੇਗੀ ਅਤੇ ਇਸ ਧੁੰਦ ਕਾਰਨ ਖੇਤਾਂ ’ਚ ਸੜਨ ਵਾਲੀ ਪਰਾਲੀ ਨਾਲ ਪ੍ਰਦੂਸ਼ਣ ਵਧਣ ਦੇ ਵੀ ਆਸਾਰ ਬਣਦੇ ਨਜ਼ਰ ਆ ਰਹੇ ਹਨ।
ਚਾਰ ਦਿਨ ਤੋਂ ਰਾਤ ਵੇਲੇ ਪੈ ਰਹੀ ਹੈ ਵਧੇਰੇ ਠੰਢ
ਮੌਸਮ ਵਿਭਾਗ ਅਨੁਸਾਰ ਪਿਛਲੇਂ 4 ਦਿਨਾਂ ਤੋਂ ਲਗਾਤਾਰ ਮੌਸਮ ਰਾਤ ਦੇ ਸਮੇਂ ਜ਼ਿਆਦਾ ਠੰਢਾ ਹੋ ਚੁੱਕਿਆ ਹੈ। ਇਸ ਦੌਰਾਨ ਘੱਟੋ ਘੱਟ ਤਾਪਮਾਨ ’ਚ ਤਿੰਨ ਤੋਂ ਚਾਰ ਡਿਗਰੀ ਦੀ ਗਿਰਾਵਟ ਆ ਚੁੱਕੀ ਹੈ ਤੇ ਜ਼ਿਆਦਾਤਰ ਤਾਪਮਾਨ ’ਚ ਵੀ ਚਾਰ ਡਿਗਰੀ ਗਿਰਾਵਟ ’ਤੇ ਚੱਲ ਰਿਹਾ ਹੈ। ਤਾਪਮਾਨ ਦਿਨ ਦੇ ਮੁਕਾਬਲੇ ਜ਼ਿਆਦਾ ਗਿਰਾਵਟ ’ਤੇ ਆਉਣ ਕਰਕੇ ਰਾਤ ਨੂੰ ਠੰਢ ਹੋ ਗਈ ਹੈ ਪਰ ਦਿਨ ਸਮੇਂ ਤਾਪਮਾਨ 30 ਡਿਗਰੀ ਹੋਣ ਅਤੇ ਦਿਨ ’ਚ ਧੁੱਪ ਨਿਕਲਣ ਕਾਰਨ ਹਲਕੀ ਗਰਮੀ ਦਾ ਅਹਿਸਾਸ ਜ਼ਰੂਰ ਹੈ।