ਖਾਨਾਪੂਰਤੀ
13 ਅਕਤੂਬਰ ਦਾ ਸੰਪਾਦਕੀ ‘ਨੋਟਬੰਦੀ ’ਤੇ ਵਿਚਾਰ’ ਵਿਚ ਕੇਂਦਰ ਸਰਕਾਰ ਦੇ ਫ਼ੈਸਲੇ ’ਤੇ ਸਹੀ ਸਵਾਲ ਉਠਾਏ ਗਏ ਹਨ। ਅਫ਼ਸੋਸ ਹੈ ਕਿ ਮੁਲਕ ਦੀ ਸੁਪਰੀਮ ਕੋਰਟ ਸਰਕਾਰ ਦੇ 2016 ਦੇ ਨੋਟਬੰਦੀ ਦੇ ਨਿਰੋਲ ਸਿਆਸੀ ਅਤੇ ਲੋਕ ਵਿਰੋਧੀ ਫ਼ੈਸਲੇ ਬਾਰੇ ਸੁਣਵਾਈ ਛੇ ਸਾਲ ਬਾਅਦ ਕਰ ਰਹੀ ਹੈ। ਜ਼ਾਹਿਰ ਹੈ ਕਿ ਸੁਪਰੀਮ ਕੋਰਟ ਵੱਲੋਂ ਪਟੀਸ਼ਨਾਂ ਦੀ ਸੁਣਵਾਈ ਛੇ ਸਾਲ ਬਾਅਦ ਕਰਨ ਦੀ ਕਾਰਵਾਈ ਮਹਿਜ਼ ਖ਼ਾਨਾਪੂਰਤੀ ਤੋਂ ਵੱਧ ਕੁਝ ਨਹੀਂ ਹੈ। ਕੇਂਦਰ ਸਰਕਾਰ ਦੇ ਅਟਾਰਨੀ ਜਨਰਲ ਅਤੇ ਸਾਲਿਸਟਰ ਜਨਰਲ ਨੇ ਵੀ ਬੜੇ ਦਾਅਵੇ ਨਾਲ ਇਸ ਨੂੰ ਕਿਤਾਬੀ ਕਾਰਵਾਈ ਹੀ ਕਿਹਾ ਹੈ। ਜੇ ‘ਨਿਆਂ ਵਿਚ ਦੇਰੀ ਦਾ ਮਤਲਬ ਨਿਆਂ ਦੇਣ ਤੋਂ ਇਨਕਾਰ ਕਰਨਾ ਹੈ’ ਤਾਂ ਇਸ ਮਾਮਲੇ ਵਿਚ ਸੁਪਰੀਮ ਕੋਰਟ ਨੇ ਵੱਡੀ ਉਲੰਘਣਾ ਕੀਤੀ ਹੈ।
ਸੁਮੀਤ ਸਿੰਘ, ਅੰਮ੍ਰਿਤਸਰ
(2)
13 ਅਕਤੂਬਰ ਦਾ ਸੰਪਾਦਕੀ ‘ਨੋਟਬੰਦੀ ’ਤੇ ਵਿਚਾਰ’ ਪੜ੍ਹਿਆ। ਨੋਟਬੰਦੀ ਦਾ ਫ਼ੈਸਲਾ ਬਹੁਤ ਸਾਰੇ ਪੱਖਾਂ ਤੋਂ ਗ਼ਲਤ ਹੀ ਸੀ। ਪ੍ਰਧਾਨ ਮੰਤਰੀ ਨੇ ਅਚਾਨਕ ਰਾਤ ਨੂੰ 8 ਵਜੇ 500 ਅਤੇ 1000 ਰੁਪਏ ਦੇ ਨੋਟ ਬੰਦ ਕਰਨ ਦਾ ਐਲਾਨ ਕਰ ਕੇ ਨਾ ਕੇਵਲ ਆਰਥਿਕਤਾ ਬਲਿਕ ਆਮ ਲੋਕਾਂ ਦੀ ਜ਼ਿੰਦਗੀ ਵਿਚ ਉਥਲ-ਪੁਥਲ ਮਚਾ ਦਿੱਤੀ। ਪ੍ਰਧਾਨ ਮੰਤਰੀ ਦੇ ਐਲਾਨ ਦੇ ਬਾਵਜੂਦ ਨਾ ਤਾਂ ਦੇਸ਼ ਵਿਚ ਕਾਲਾ ਧਨ ਖ਼ਤਮ ਹੋਇਆ, ਨਾ ਹੀ ਮਨੀ ਲਾਂਡ੍ਰਿੰਗ ’ਤੇ ਰੋਕ ਲੱਗੀ ਅਤੇ ਨਾ ਹੀ ਦਹਿਸ਼ਤਗਰਦੀ ’ਤੇ ਕਾਬੂ ਪਾਇਆ ਜਾ ਸਕਿਆ। ਪੁਰਾਣੇ ਨੋਟਾਂ ਦੀ ਬਦਲੀ ਵਿਚ ਕਈ ਲੋਕਾਂ ਨੂੰ ਬੈਂਕਾਂ ਅੱਗੇ ਲਾਈਨ ਵਿਚ ਖੜ੍ਹੇ ਹੋਣ ਕਰਕੇ ਜਾਨ ਗੁਆਉਣੀ ਪਈ। ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਨੋਟਬੰਦੀ ਕਰਕੇ ਆਰਥਿਕਤਾ ਵਿਚ ਨੁਕਸਾਨ ਦੀ ਜੋ ਗੱਲ ਕਹੀ ਸੀ, ਸੱਚ ਸਾਬਤ ਹੋਈ ਹੈ।
ਪ੍ਰੋ. ਸ਼ਾਮ ਲਾਲ ਕੌਸ਼ਲ, ਰੋਹਤਕ (ਹਰਿਆਣਾ)
ਪਰਾਲੀ ਬਾਰੇ ਅਣਗੌਲੇ ਪਹਿਲੂ
12 ਅਕਤੂਬਰ ਨੂੰ ਨਜ਼ਰੀਆ ਪੰਨੇ ਉੱਤੇ ਜਗਵਿੰਦਰ ਜੋਧਾ ਦਾ ਲੇਖ ‘ਪਰਾਲੀ ਸਾੜਨ ਦਾ ਰੁਝਾਨ: ਅਣਗੌਲੇ ਪਹਿਲੂ’ ਵੱਖਰੇ ਨੁਕਤਾ-ਏ-ਨਿਗ੍ਹਾ ਤੋਂ ਲਿਖਿਆ ਗਿਆ ਹੈ। ਸਰਕਾਰ ਅਤੇ ਪ੍ਰਸ਼ਾਸਨ ਨੂੰ ਇਹ ਮਸਲੇ ਵਿਚਾਰ ਕੇ ਕਦਮ ਉਠਾਉਣੇ ਚਾਹੀਦੇ ਹਨ। ਇਸ ਦੇ ਨਾਲ ਹੀ ਕਿਸਾਨਾਂ ਨੂੰ ਵੀ ਇਸ ਮਸਲੇ ਬਾਰੇ ਜਾਗਰੂਕ ਕਰਨਾ ਪਵੇਗਾ।
ਗੁਰਨਾਮ ਸਿੰਘ ਸੇਖੋਂ, ਫਾਜ਼ਿਲਕਾ
ਵੰਡ ਦਰ ਵੰਡ ਦਾ ਦਰਦ
ਪ੍ਰੋ. ਅਵਤਾਰ ਸਿੰਘ ਦਾ ਲੇਖ ‘ਵੰਡ ਦਰ ਵੰਡ ਖੰਡ ਦਰ ਖੰਡ’ (11 ਅਕਤੂਬਰ) ਦਰਦ ਨਾਲ ਪਰੁੰਨਿਆ ਪਿਆ ਹੈ। ਜੇ ਸਾਡੇ ਸਿਆਸਤਦਾਨਾਂ ਦੇ ਜਜ਼ਬਾਤ ਅਜਿਹੇ ਹੋ ਜਾਣ ਤਾਂ ਅੱਧੇ ਮਸਲੇ ਆਪੇ ਹੀ ਹੱਲ ਹੋ ਜਾਣ। ਇਕ-ਦੂਜੇ ਨੂੰ ਮਿੱਧ ਕੇ ਆਪਣੀ ਸਿਆਸਤ ਚਮਕਾਉਣ ਵਾਲੀ ਦੌੜ ਕਾਰਨ ਹੀ ਸਾਡਾ ਸਭ ਦਾ ਭਵਿੱਖ ਦਾਅ ਉੱਤੇ ਲੱਗ ਰਿਹਾ ਹੈ।
ਸੁਨੀਤਾ ਰਾਣੀ, ਹੁਸ਼ਿਆਰਪੁਰ
ਮਿਹਨਤ ਦਾ ਮੁਕਾਮ
10 ਅਕਤੂਬਰ ਨੂੰ ਸਤਪਾਲ ਦਿਓਲ ਦਾ ‘ਕੁਲਫ਼ੀਆ ਵੇਚਣ ਵਾਲਾ ਸੇਠ’ ਧੂਹ ਪਾ ਗਿਆ। ਨਿੱਕਾ ਜਿਹਾ ਬੱਚਾ ਕਿਵੇਂ ਮਿਹਨਤ ਮੁਸ਼ੱਕਤ ਕਰ ਕੇ ਵਧੀਆ ਮੁਕਾਮ ਹਾਸਿਲ ਕਰ ਲੈਂਦਾ ਹੈ; ਜਦਕਿ ਹੈਂਕੜਬਾਜ਼ ਜਵਾਕ ਦਾ ਅੰਤ ਵੀ ਇਸ ਵਿਚ ਦੱਸਿਆ ਹੈ।
ਰਣਜੀਤ ਕੌਰ, ਲੁਧਿਆਣਾ
(2)
10 ਅਕਤੂਬਰ ਦੇ ਅੰਕ ਵਿਚ ਸੱਤਪਾਲ ਦਿਓਲ ਦਾ ਲੇਖ ‘ਕੁਲਫ਼ੀਆ ਵੇਚਣ ਵਾਲਾ ਸੇਠ’ ਪੜ੍ਹਿਆ। ਸੱਚਮੁੱਚ ਲੇਖ ਸੰਘਰਸ਼ਸ਼ੀਲ ਵਿਦਿਆਰਥੀਆਂ ਦਾ ਜੀਵਨ ਚਿਤਰਦਾ ਹੈ। ਅੱਜ ਵੀ ਬਹੁਤ ਸਾਰੇ ਵਿਦਿਆਰਥੀ ਮਿਲ ਜਾਂਦੇ ਹਨ ਜੋ ਸਵੇਰ ਵੇਲੇ ਅਖ਼ਬਾਰ ਵੰਡਣ ਜਾਂਦੇ ਹਨ, ਉਸ ਤੋਂ ਬਾਅਦ ਸਕੂਲ-ਕਾਲਜ ਜਾਂਦੇ ਹਨ ਤੇ ਸ਼ਾਮ ਦੇ ਸਮੇਂ ਕਿਸੇ ਦੁਕਾਨ ’ਤੇ ਕੰਮ ਕਰਦੇ ਹਨ। ਕਿੰਨੇ ਹੀ ਅਜਿਹੇ ਵੱਡੇ ਵੱਡੇ ਕਾਰੋਬਾਰੀ ਹਨ ਜਿਨ੍ਹਾਂ ਦੇ ਪਿੱਛੇ ਸੰਘਰਸ਼ਸ਼ੀਲ ਜੀਵਨ ਦੀ ਅਣਦੱਸੀ ਕਹਾਣੀ ਖੜ੍ਹੀ ਹੈ।
ਕੰਵਲਜੀਤ ਕੌਰ, ਦੂਹੇਵਾਲਾ (ਸ੍ਰੀ ਮੁਕਤਸਰ ਸਾਹਿਬ)
ਸਾਦਗੀ ਅਤੇ ਸਹਿਜ
14 ਅਕਤੂਬਰ ਨੂੰ ਨਜ਼ਰੀਆ ਪੰਨੇ ਉੱਤੇ ਲੇਖ ‘ਹਰ ਰੋਜ਼ ਸਾਦਗੀ ਦਿਵਸ’ (ਲੇਖਕ ਪਰਮਬੀਰ ਕੌਰ) ਸਕੂਨ ਦੇਣ ਵਾਲਾ ਹੈ। ਅੱਜ ਦੇ ਪਦਾਰਥਕ ਯੁੱਗ ਵਿਚ ਫੁਰਸਤ ਦੇ ਦੋ ਪਲ ਵੀ ਦੁਰਲੱਭ ਹੋ ਗਏ ਹਨ। ਇਸ ਦਾ ਇੱਕੋ-ਇਕ ਤੋੜ ਸਾਦਗੀ ਹੀ ਹੈ ਜੋ ਤੁਹਾਨੂੰ ਕੁਦਰਤ ਦੇ ਨੇੜੇ ਤਾਂ ਲਿਜਾਂਦੀ ਹੀ ਹੈ, ਤੁਹਾਨੂੰ ਸਹਿਜ ਨਾਲ ਵੀ ਜੋੜਦੀ ਹੈ।
ਹਰਨੇਕ ਸਿੰਘ ਸੋਢੀ, ਅੰਮ੍ਰਿਤਸਰ