ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 28 ਜਨਵਰੀ
ਪੰਜਾਬੀ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਵੱਲੋਂ ‘ਟਰਬਨ ਟਰੈਵਲਰਜ਼’ ਵਜੋਂ ਪ੍ਰਸਿੱਧ ਅਮਰਜੀਤ ਸਿੰਘ ਚਾਵਲਾ ਨਾਲ ਰੂਬਰੂ ਕਰਵਾਇਆ ਗਿਆ।ਸ੍ਰੀ ਚਾਵਲਾ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਉਨ੍ਹਾਂ ਵਿਸ਼ਵ ਦੇ 204 ਦੇਸ਼ਾਂ ਦੀ ਯਾਤਰਾ ਦਾ ਟੀਚਾ ਮਿਥਿਆ ਹੈ।ਦੱਸਣਯੋਗ ਹੈ ਕਿ ਟਰਬਨ ਟਰੈਵਲਰਜ਼ ਦੇ ਨਾਂ ਨਾਲ ਪ੍ਰਸਿੱਧ ਹੋ ਰਹੇ ਅਮਰਜੀਤ ਸਿੰਘ ਚਾਵਲਾ ਵੱਲੋਂ ਆਪਣੀ ਕਾਰ ਨੂੰ ਖ਼ੁਦ ਚਲਾਕੇ ਵੱਖ-ਵੱਖ ਯਾਤਰਾਵਾਂ ਕੱਢੀਆਂ ਜਾ ਰਹੀਆਂ ਹਨ। ਖਾਸ ਕਰਕੇ ਸਿੱਖ ਇਤਿਹਾਸ ਨਾਲ ਸਬੰਧਤ ਸਥਾਨਾਂ ਦੀ ਯਾਤਰਾ ਦੀ ਵੱਡੀ ਚਰਚਾ ਹੋ ਰਹੀ ਹੈ ਕਿਉਂਕਿ ਸ਼੍ਰੀ ਚਾਵਲਾ ਵੱਲੋਂ ਸਿੱਖ ਇਤਿਹਾਸ ਤੇ ਗੁਰੂ ਕਾਲ ਨਾਲ ਜੁੜੀਆਂ ਕਈ ਅਜਿਹੀਆਂ ਥਾਵਾਂ ਵੀ ਲੱਭੀਆਂ ਹਨ ਜਿਨ੍ਹਾਂ ਤੋਂ ਪਹਿਲਾਂ ਵਾਕਫੀਅਤ ਨਹੀ ਸੀ ਜਾਂ ਬਹੁਤ ਅਧੂਰੀ ਤਰ੍ਹਾਂ ਦੀ ਸੀ। ਅੱਜ ਦੇ ਰੂਬਰੂ- ਕਮ-ਭਾਸ਼ਣ ਵਿੱਚ ਅਮਰਜੀਤ ਸਿੰਘ ਚਾਵਲਾ ਨੇ ਵਿਸ਼ਵ ਦੇ 100 ਦੇਸ਼ਾ ਵਿੱਚ ਕਾਰ ਰਾਹੀ ਯਾਤਰਾ ਕਰਨ ਦੇ ਆਪਣੇ ਤਜ਼ਰਬੇ ਨੂੰ ਇਤਿਹਾਸ ਵਿਭਾਗ ਦੇ ਖੋਜਰਾਥੀਆਂ ਅਤੇ ਵਿਦਿਆਰਥੀਆਂ ਨਾਲ ਸਾਝਾਂ ਕੀਤਾ। ਉਨ੍ਹਾਂ ਦੁਆਰਾ 2018 ਵਿੱਚ ਆਪਣੇ ਬਚਪਨ ਦੇ ਸੁਪਨੇ ਨੂੰ ਪੂਰਾ ਕਰਨ ਲਈ ਇੱਕ ਯਾਤਰਾ ਦੀ ਸ਼ੁਰੂਆਤ ਕੀਤੀ। ਉਹ ਹੁਣ ਤੱਕ ਇੱਕ ਲੱਖ ਕਿਲੋਮੀਟਰ ਤੋਂ ਜ਼ਿਆਦਾ ਕਾਰ ਰਾਹੀ ਯਾਤਰਾ ਕਰ ਚੁੱਕੇ ਹਨ। ਉਨ੍ਹਾਂ ਆਪਣੀ ਪਹਿਲੀ ਯਾਤਰਾ ਦੀ ਸ਼ੁਰੂਆਤ ਦਿੱਲੀ ਤੋਂ ਲੰਡਨ ਤੱਕ ਕੀਤੀ ਇਸ ਯਾਤਰਾ ਦੇ ਦੌਰਾਨ ਉਨ੍ਹਾਂ ਫਿਲਮ ਬਣਾਈ ਤੇ ਗੁਰੂ ਨਾਨਕ ਦੇਵ ਜੀ ਦੇ 550 ਵੇ ਜਨਮ ਦਿਵਸ ਨੂੰ ਸਮਰਪਿਤ ਉਨ੍ਹਾਂ ਦੇ ਜੀਵਨ ਨਾਲ ਸਬੰਧਤ ਸਥਾਨਾ ਦੀ ਯਾਤਰਾ ਕੀਤੀ।ਉਨ੍ਹਾਂ ਦੁਆਰਾ ਆਉਣ ਵਾਲੇ ਸਮੇਂ ਦੌਰਾਨ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾਂ ਸ਼ਹੀਦੀ ਦਿਵਸ ਨੂੰ ਸਮਰਪਿਤ ਕਰਨ ਲਈ ਆਪਣੀ ਯਾਤਰਾ ਨੂੰ ਚਾਰ ਭਾਗਾਂ ਵਿੱਚ ਵੰਡਿਆ ਹੈ। ਉਨ੍ਹਾਂ ਦੁਆਰਾ ਗੁਰੂ ਜੀ ਦੇ ਜੀਵਨ, ਤਪੱਸਿਆ, ਯਾਤਰਾਵਾਂ ਅਤੇ ਸ਼ਹੀਦੀ ਨਾਲ ਸਬੰਧਤ ਧਾਰਮਿਕ ਸਥਾਨਾਂ ਦੀ ਯਾਤਰਾ ਕੀਤੀ ਜਾਵੇਗੀ, ਇਸ ਤੋ ਇਲਾਵਾ ਆਉਣ ਵਾਲੇ ਸਮੇਂ ਵਿੱਚ ਵਿਸ਼ਵ ਦੇ 204 ਦੇਸ਼ਾ ਦੀ ਯਾਤਰਾ ਦਾ ਟੀਚਾ ਮਿੱਥਿਆ ਹੈ। ਉਨ੍ਹਾਂ ਨੇ ਆਪਣੀ ਯਾਤਰਾ ਦੇ ਤਜਰਬੇ ਨਾਲ ਸਬੰਧਤ ਇੱਕ ਕਿਤਾਬ ਵੀ ਲਿਖੀ ਹੈ। ਉਨ੍ਹਾਂ ਨੇ ਵਿਦਿਆਰਥੀਆ ਨੂੰ ਆਪਣੇ ਸੁਪਨਿਆ ਨੂੰ ਪੂਰਾ ਕਰਨ ਦੀ ਇੱਛਾ ਅਤੇ ਦੂਜਿਆ ਦੀ ਮੱਦਦ ਕਰਨ ਦੀ ਸਿੱਖਿਆ ਦਿੱਤੀ। ਪ੍ਰਧਾਨਗੀ ਭਾਸ਼ਣ ਡੀਨ ਰਿਸਰਚ ਡਾ. ਜੀਂ ਐਸ ਬੱਤਰਾ ਨੇ ਦਿੱਤਾ।ਇਤਿਹਾਸ ਵਿਭਾਗ ਦੇ ਮੁਖੀ ਡਾ. ਮੁਹੰਮਦ ਇਦਰੀਸ ਨੇ ਅਮਰਜੀਤ ਸਿੰਘ ਚਾਵਲਾ ਦਾ ਅਤੇ ਵਿਦਿਆਰਥੀਆ ਦਾ ਧੰਨਵਾਦ ਕੀਤਾ ਗਿਆ।