ਨਿੱਜੀ ਪੱਤਰ ਪ੍ਰੇਰਕ
ਖੰਨਾ, 30 ਜੁਲਾਈ
ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਿੱਚ ਲੰਮੇ ਸਮੇਂ ਤੋਂ ਮਾਮੂਲੀ ਤਨਖਾਹਾਂ ਤੇ ਠੇਕਾ ਆਧਾਰਿਤ ਨੌਕਰੀ ਕਰਦੇ ਆ ਰਹੇ ਮਗਨਰੇਗਾ ਮੁਲਾਜ਼ਮਾਂ ਵੱਲੋਂ ਸੇਵਾਵਾਂ ਰੈਗੂਲਰ ਕਰਵਾਉਣ ਲਈ ਅਣਮਿੱਥੇ ਸਮੇਂ ਲਈ ਅਰੰਭੀ ਹੜਤਾਲ ਲਗਾਤਾਰ ਜਾਰੀ ਹੈ। ਇਸ ਮੌਕੇ ਨਿਰਭੈ ਸਿੰਘ ਤੇ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਦੌਰਾਨ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਵਾਅਦਾ ਕੀਤਾ ਸੀ, ਪਰ ਸਾਢੇ ਸਾਲ ਬੀਤਣ ’ਤੇ ਵੀ ਉਨ੍ਹਾਂ ਮੁਲਾਜ਼ਮਾਂ ਦੀ ਸਾਰ ਨਹੀਂ ਲਈ ਤੇ ਹੁਣ ਤਿਆਰ ਕੀਤੇ ਜਾ ਰਹੇ ਖਰੜੇ ਵਿਚ ਭਰਤੀ ਕੀਤੇ ਕੇਂਦਰੀ ਸਕੀਮਾਂ ਦੇ ਮੁਲਾਜ਼ਮਾਂ ਤੇ ਆਊਟਸੋਰਸਿੰਗ ਮੁਲਾਜ਼ਮਾਂ ਨੂੰ ਬਾਹਰ ਰੱਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੀ ਥਾਂ ਸੇਵਾਵਾਂ ਖ਼ਤਮ ਕਰਨ, ਨਿੱਜੀਕਰਨ, ਠੇਕੇਦਾਰੀ ਲੁੱਟ ਕਰਵਾਉਣ ਵਰਗੇ ਮਾਰੂ ਫ਼ੈਸਲੇ ਲਾਗੂ ਕੀਤੇ ਜਾ ਰਹੇ ਹਨ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਹਿਲਾ ਅਕਾਲੀ-ਭਾਜਪਾ ਸਰਕਾਰ ਅਤੇ ਹੁਣ ਕਾਂਗਰਸ ਨੇ ਲਾਰਿਆਂ ’ਤੇ ਵਿੱਚ ਹੀ ਟਾਈਮ ਪਾਸ ਕੀਤਾ ਹੈ। ਪੰਚਾਇਤ ਵਿਭਾਗ ਦੇ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਅਨੇਕਾਂ ਵਾਰ ਰੈਗੂਲਰ ਕਰਨ ਦਾ ਭਰੋਸਾ ਦੇ ਕੇ ਹੜਤਾਲ ਖ਼ਤਮ ਕਰਵਾਈ ਪਰ ਕੁਝ ਨਹੀਂ ਕੀਤਾ, ਜਿਸ ਦੇ ਰੋਸ ਵਜੋਂ ਸੂਬਾ ਕਮੇਟੀ ਦੇ ਸੱਦੇ ਤੇ ਪੰਜਾਬ ਭਰ ਵਿਚ ਮਗਨਰੇਗਾ ਤਹਿਤ ਹੋਣ ਵਾਲੇ ਵਿਕਾਸ ਕਾਰਜਾਂ ਤੇ ਦਫ਼ਤਰੀ ਕੰਮਾਂ ਨੂੰ ਮੁਕੰਮਤ ਤੌਰ ਤੇ ਬੰਦ ਕੀਤਾ ਗਿਆ ਹੈ। ਇਸ ਮੌਕੇ ਗੌਰਵ ਵਰਮਾ, ਚਰਨ ਸਿੰਘ, ਸੁਮਨਜੀਤ ਸਿੰਘ ਅਤੇ ਗੁਰਵਿੰਦਰ ਸਿੰਘ ਨੇ ਵੀ ਆਪਣੇ ਵਿਚਾਰ ਰੱਖੇ।