ਨਵੀਂ ਦਿੱਲੀ, 14 ਅਕਤੂਬਰ
ਇੱਥੋਂ ਦੀ ਇਕ ਅਦਾਲਤ ਨੇ 2020 ਦੇ ਦਿੱਲੀ ਦੰਗਿਆਂ ਦੇ ਕੇਸ ’ਚ ਆਮ ਆਦਮੀ ਪਾਰਟੀ ਦੇ ਸਾਬਕਾ ਆਗੂ ਤੇ ਕੌਂਸਲਰ ਤਾਹਿਰ ਹੁਸੈਨ ਵਿਰੁੱਧ ਦੰਗਿਆਂ ਤੇ ਹੱਤਿਆ ਦੀਆਂ ਧਾਰਾਵਾਂ ਜੋੜਨ ਦਾ ਹੁਕਮ ਦਿੱਤਾ ਹੈ। ਹੁਸੈਨ ਦੇ ਨਾਲ ਪੰਜ ਹੋਰਾਂ ਖ਼ਿਲਾਫ਼ ਵੀ ਇਹ ਧਾਰਾਵਾਂ ਲਾਈਆਂ ਜਾਣਗੀਆਂ। ਅਦਾਲਤ ਨੇ ਕਿਹਾ ਕਿ ਸਾਰੇ ਮੁਲਜ਼ਮ ਹਿੰਦੂਆਂ ਨੂੰ ਨਿਸ਼ਾਨਾ ਬਣਾ ਰਹੇ ਸਨ ਤੇ ਇਨ੍ਹਾਂ ਦੀ ਕਾਰਵਾਈ ਹਿੰਦੂਆਂ ਤੇ ਮੁਸਲਮਾਨਾਂ ਦਰਮਿਆਨ ਸਦਭਾਵਨਾ ਲਈ ਨੁਕਸਾਨਦੇਹ ਸੀ। ਹੁਸੈਨ ਦੇ ਨਾਲ ਜਿਨ੍ਹਾਂ ਹੋਰਾਂ ’ਤੇ ਇਹ ਦੋਸ਼ ਲਾਉਣ ਦੇ ਹੁਕਮ ਦਿੱਤੇ ਗਏ ਹਨ, ਉਨ੍ਹਾਂ ਵਿਚ ਤਨਵੀਰ ਮਲਿਕ, ਗੁਲਫ਼ਾਮ, ਨਜ਼ੀਮ, ਕਾਸਿਮ ਤੇ ਸ਼ਾਹ ਆਲਮ ਸ਼ਾਮਲ ਹਨ। ਇਸ ਮਾਮਲੇ ਵਿਚ ਕੇਸ ਅਜੈ ਝਾਅ ਨਾਂ ਦੇ ਵਿਅਕਤੀ ਨੇ ਦਰਜ ਕਰਾਇਆ ਸੀ, ਜਿਸ ਦੇ 25 ਫਰਵਰੀ, 2020 ਨੂੰ ਚਾਂਦ ਬਾਗ਼ ਕੋਲ ਇਕ ਭੀੜ ਨੇ ਗੋਲੀ ਮਾਰ ਦਿੱਤੀ ਸੀ। -ਪੀਟੀਆਈ