ਪ੍ਰਭੂ ਦਿਆਲ
ਸਿਰਸਾ, 28 ਮਾਰਚ
ਇਥੋਂ ਦੇ ਹਿਸਾਰ ਰੋਡ ਸਥਿਤ ਪੈਲੇਸ ’ਚ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਸਮਰਪਿਤ ਕਿਸਾਨ ਸੈਮੀਨਾਰ ਕਰਵਾਇਆ ਗਿਆ, ਜਿਸ ਵਿੱਚ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦਾ ਅਹਿਦ ਲਿਆ। ਸੰਯੁਕਤ ਕਿਸਾਨ ਮੋਰਚਾ ਦੇ ਘਟਕ ਕਿਸਾਨ ਸੰਘਰਸ਼ ਸਮਿਤੀ, ਹਰਿਆਣਾ (ਪਗੜੀ ਸੰਭਾਲ ਜੱਟਾ) ਅਤੇ ਹਰਿਆਣਾ ਕਿਸਾਨ ਸਭਾ ਵੱਲੋਂ ਭਗਤ ਸਿੰਘ ਵਿਚਾਰ ਧਾਰਾ ਦੇ ਸੰਦਰਭ ’ਚ ਕਿਸਾਨ ਅੰਦੋਲਨ: ਅੱਜ ਤੇ ਕੱਲ੍ਹ’ ਵਿਸ਼ੇ ’ਤੇ ਕਿਸਾਨ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਦੇ ਮੁੱਖ ਬੁਲਾਰੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਆਗੂ ਪ੍ਰੋ. ਜੈਪਾਲ ਨੇ ਸ਼ਹੀਦਾਂ ਦੀ ਵਿਚਾਰਧਾਰਾ ਤੇ ਅਜੋਕੇ ਕਿਸਾਨ ਅੰਦੋਲਨ ਦੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਰੁਜ਼ਗਾਰ ਪ੍ਰਾਪਤੀ ਚੇਤਨਾ ਮੁਹਿੰਮ ਦੇ ਆਗੂ ਜਗਰੂਪ ਸਿੰਘ ਅਤੇ ਖੱਬੇਪੱਖੀ ਚਿੰਤਕ ਤੇ ਕਿਸਾਨ ਆਗੂ ਸੁਵਰਨ ਸਿੰਘ ਵਿਰਕ, ਮਨਦੀਪ ਨਥਵਾਨ ਨੇ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਜਾ ਰਹੇ ਖੇਤੀ ਕਾਨੂੰਨਾਂ ਨੂੰ ਕਿਸਾਨ ਵਿਰੋਧੀ ਕਰਾਰ ਦਿੱਤਾ। ਕਿਸਾਨ ਆਗੂਆਂ ਨੇ ਭਾਰਤ ਬੰਦ ਦੌਰਾਨ ਰੇਲਵੇ ਪੁਲੀਸ ਵੱਲੋਂ ਕਿਸਾਨ ਆਗੂਆਂ ’ਤੇ ਦਰਜ ਕੀਤੇ ਗਏ ਮੁਕਦਮੇ ਦੀ ਤਿੱਖੇ ਸ਼ਬਦਾਂ ਵਿੱਚ ਨਿੰਦਾਂ ਕਰਦਿਆਂ ਮੁਕਦੱਮਾ ਖਾਰਜ ਕਰਨ ਦੀ ਵੀ ਮੰਗ ਕੀਤੀ। ਸੈਮੀਨਾਰ ’ਚ ਵੱਡੀ ਗਿਣਤੀ ’ਚ ਕਿਸਾਨ ਤੇ ਮਹਿਲਾਵਾਂ ਮੌਜੂਦ ਸਨ।