ਮੁੰਬਈ: ਬੌਲੀਵੁੱਡ ਅਦਾਕਾਰ ਰਿਤਿਕ ਰੌਸ਼ਨ ਨੇ ਪੁਰਾਣੀਆਂ ਯਾਦਾਂ ਤਾਜ਼ਾ ਕਰਦਿਆਂ ਆਪਣੀ ਦੋਸਤ ਸਬਾ ਆਜ਼ਾਦ ਨਾਲ ਇੱਕ ਸੈਲਫੀ ਸਾਂਝੀ ਕੀਤੀ ਹੈ, ਜੋ ਲੰਡਨ ਵਿੱਚ ਖਿੱਚੀ ਗਈ ਸੀ। ਇਹ ਸੈਲਫੀ ਗਰਮੀਆਂ ਵਿੱਚ ਅਦਾਕਾਰ ਦੇ ਯੂਕੇ ਦੌਰੇ ਦੌਰਾਨ ਲਈ ਗਈ ਸੀ। ਰਿਤਿਕ ਵੱਲੋਂ ਪਹਿਲੀ ਵਾਰ ਆਪਣੀ ਦੋਸਤ ਦੀ ਸੈਲਫੀ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀ ਕੀਤੀ ਗਈ ਹੈ। ਇਸ ਸੈਲਫੀ ਵਿੱਚ ਸਬਾ ਨੇ ਚਿੱਟੇ ਰੰਗ ਦੀ ਪੁਸ਼ਾਕ ਨਾਲ ਸਨੀਕਰ ਪਾਏ ਹੋਏ ਹਨ, ਜਦਕਿ ਰਿਤਿਕ ਨੇ ਚਿੱਟੇ ਅਤੇ ਲਾਲ ਰੰਗ ਦੇ ਕੱਪੜੇ ਪਹਿਨੇ ਹੋਏ ਹਨ। ਅਦਾਕਾਰ ਨੇ ਆਖਿਆ, ‘ਬੈਂਚ ’ਤੇ ਬੈਠੀ ਲੜਕੀ। ਗਰਮੀਆਂ 2022 ਲੰਡਨ। ਸ਼ਾਨਦਾਰ ਤਜਰਬਾ।’ ਰਿਤਿਕ ਵੱਲੋਂ ਖਿੱਚੀ ਗਈ ਇਸ ਸੈਲਫੀ ਵਿੱਚ ਸਬਾ ਕਿਤੇ ਦੂਰ ਵੇਖ ਰਹੀ ਹੈ ਤੇ ਰਿਤਿਕ ਸਬਾ ਵੱਲ ਵੇਖਦਾ ਹੋਇਆ ਮੁਸਕੁਰਾ ਰਿਹਾ ਹੈ। ਇਹ ਤਸਵੀਰ ਰਿਤਿਕ ਵੱਲੋਂ ਕਰਵਾਚੌਥ ਦੇ ਦਿਨ ਸਾਂਝੀ ਕੀਤੀ ਗਈ ਹੈ, ਜਿਸ ’ਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਸਬਾ ਨੇ ਕਿਹਾ, ‘ਗਰਮੀਆਂ ਦੀ ਇੱਕ ਆਲਸ ਭਰੀ ਦੁਪਹਿਰ ਦਾ ਤਜਰਬਾ। ਸਭ ਤੋਂ ਪਿਆਰਾ ਦਿਨ।’ ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਅਦਾਕਾਰ ਦੀ ਸੈਫ਼ ਅਲੀ ਖ਼ਾਨ ਅਤੇ ਰਾਧਿਕਾ ਆਪਟੇ ਨਾਲ ਫਿਲਮ ‘ਵਿਕਰਮ ਵੇਧਾ’ ਰਿਲੀਜ਼ ਹੋਈ ਹੈ ਤੇ ਅਗਲੇ ਪ੍ਰਾਜੈਕਟ ‘ਫਾਈਟਰ’ ਵਿੱਚ ਰਿਤਿਕ ਦੀਪਿਕਾ ਪਾਦੂਕੋਨ ਨਾਲ ਦਿਖਾਈ ਦੇਵੇਗਾ। -ਆਈਏਐੱਨਐੱਸ