ਕੇਕੇ ਬਾਂਸਲ
ਰਤੀਆ, 28 ਜਨਵਰੀ
ਸਿੱਖਿਆ ਵਿਭਾਗ ਵੱਲੋਂ ਸਕੂਲਾਂ ਵਿੱਚ 6ਵੀਂ ਤੋਂ 8ਵੀਂ ਕਲਾਸ ਤੱਕ ਸਕੂਲ ਖੋਲ੍ਹਣ ਦੇ ਬਿਆਨ ਨਾਲ ਸਕੂਲਾਂ ਵਿੱਚ ਰੌਣਕ ਪਰਤਣ ਲੱਗੀ ਹੈ। 10ਵੀਂ ਅਤੇ 12ਵੀਂ ਦੀਆਂ ਕਲਾਸਾਂ ਪਹਿਲਾਂ ਹੀ ਸ਼ੁਰੂ ਹੋ ਗਈਆਂ ਹਨ। ਹੁਣ ਪਹਿਲੀ ਫਰਵਰੀ ਤੋਂ 8ਵੀਂ ਕਲਾਸ ਤੱਕ ਵੀ ਕਲਾਸਾਂ ਸ਼ੁਰੂ ਹੋ ਜਾਣਗੀਆਂ। ਇਸ ਦੇ ਨਾਲ ਹੀ ਸਕੂਲ ਸੰਚਾਲਕਾਂ ਨੇ ਪ੍ਰਾਇਮਰੀ ਕਲਾਸਾਂ ਵੀ ਸ਼ੁਰੂ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸੂਬੇ ਅੰਦਰ ਹੁਣ ਕਰੋਨਾ ਖਤਮ ਹੋਣ ਦੇ ਕੰਢੇ ਹੈ ਸਾਰੇ ਕਾਰੋਬਾਰ ਖੁੱਲ੍ਹ ਚੁੱਕੇ ਹਨ ਅਤੇ ਬੱਚਿਆਂ ਦੀ ਪੜ੍ਹਾਈ ਨੂੰ ਦੇਖਦਿਆਂ ਪ੍ਰਾਇਮਰੀ ਸਕੂਲ ਵੀ ਖੁੱਲ੍ਹਣੇ ਚਾਹੀਦੇ ਹਨ।
ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲ ਦੇ ਸੂਬਾ ਉਪ ਪ੍ਰਧਾਨ ਹਰਜਿੰਦਰ ਸਿੰਘ ਨੇ ਦੱਸਿਆ ਕਿ ਸੂਬੇ ਵਿੱਚ ਪ੍ਰਾਇਮਰੀ ਸਕੂਲਾਂ ਦੀ ਗਿਣਤੀ ਸਭ ਤੋਂ ਵੱਧ ਹੈ ਜੋ ਕਿ ਪਿਛਲੇ ਸਾਲ ਮਾਰਚ ਤੋਂ ਬੰਦ ਪਏ ਹਨ, ਜਿਸ ਨਾਲ ਸਿੱਖਿਆ ਦੇ ਅਧਿਕਾਰਾਂ ਦਾ ਸੋਸ਼ਣ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਵੱਧ ਗਿਣਤੀ ਬੱਚਿਆਂ ਜਿਨ੍ਹਾਂ ਕੋਲ ਮੋਬਾਈਲ ਜਾਂ ਲੈਪਟੋਪ ਨਹੀਂ ਹੈ, ਉਨ੍ਹਾਂ ਦੀ ਪੜ੍ਹਾਈ ਪ੍ਰਭਾਵਿਤ ਹੋਈ ਹੈ। ਉਨ੍ਹਾਂ ਮੰਗ ਕੀਤੀ ਕਿ ਸਾਰੇ ਸਕੂਲ ਜਲਦੀ ਖੋਲ੍ਹੇ ਜਾਣ।
ਨਿੱਜੀ ਸਕੂਲਾਂ ਦੇ ਵੈਨ ਚਾਲਕ ਅਤੇ ਹੋਰ ਕਰਮਚਾਰੀ ਵੀ ਹੁਣ ਆਪਣੀਆਂ ਡਿਊਟੀਆਂ ’ਤੇ ਵਾਪਸ ਮੁੜਨ ਲੱਗੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਆਪਣੇ ਵਾਹਨਾਂ ਦੀ ਮੁਰੰਮਤ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਗੱਡੀਆਂ ਕਈ ਮਹੀਨੇ ਖੜਨ ਨਾਲ ਬੈਟਰੀਆਂ ਖਤਮ ਹੋ ਚੁੱਕੀਆਂ ਹਨ ਅਤੇ ਟਾਇਰ ਆਦਿ ਵੀ ਖਰਾਬ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕਾਫੀ ਖਰਚੇ ਦੇ ਬਾਅਦ ਹੀ ਉਹ ਆਪਣੀਆਂ ਗੱਡੀਆਂ ਨੂੰ ਸੜਕ ’ਤੇ ਉਤਰਨ ਯੋਗ ਬਣਾਉਣਗੇ।
ਕਿਤਾਬ ਵਿਕਰੇਤਾ ਫਤਹਿ ਚੰਦ ਸਰਦਾਨਾ ਦਾ ਕਹਿਣਾ ਹੈ ਕਿ ਲਗਭਗ 10 ਮਹੀਨਿਆਂ ਤੋਂ ਮੰਦੇ ਦੀ ਮਾਰ ਚੱਲ ਰਹੇ ਦੁਕਾਨਦਾਰਾਂ ਨੂੰ ਸਕੂਲ ਖੁੱਲ੍ਹਣ ਨਾਲ ਵੱਡੀ ਰਾਹਤ ਮਿਲੇਗੀ ਕਿਉਂਕਿ ਕਿਤਾਬਾਂ ਦੀਆਂ ਦੁਕਾਨਾਂ ਦਾ 80 ਪ੍ਰਤੀਸ਼ਤ ਕਾਰੋਬਾਰ ਸਕੂਲਾਂ ’ਤੇ ਹੀ ਨਿਰਭਰ ਹੈ। ਉਨ੍ਹਾਂ ਕਿਹਾ ਕਿ ਕਿਤਾਬ ਵਿਕਰੇਤਾ ਫਰਵਰੀ ਵਿੱਚ ਹੀ ਸਟਾਕ ਜਮਾਂ ਕਰਨ ਨਾਲ ਵੱਡਾ ਨੁਕਸਾਨ ਝੱਲਣਾ ਪਿਆ ਹੈ। ਕੁੱਝ ਦੁਕਾਨਦਾਰ ਜੋ ਕਿ ਸਕੂਲ ਡਰੈਸ ਦਾ ਕੰਮ ਕਰਦੇ ਹਨ ਉਨ੍ਹਾਂ ਨੂੰ ਵੀ ਕਾਫੀ ਰਾਹਤ ਮਿਲੇਗੀ।