ਪੀਪੀ ਵਰਮਾ
ਪੰਚਕੂਲਾ, 16 ਅਕਤੂਬਰ
ਨਰਾਤਿਆਂ ਵਿੱਚ ਸ਼ਰਧਾਲੂਆਂ ਨੂੰ ਮਾਤਾ ਮਨਸਾ ਦੇਵੀ ਦੇ ਦਰਸ਼ਨਾਂ ਲਈ ਪਹਿਲਾਂ ਕੋਵਿਡ-19 ਜਾਂਚ ’ਚੋਂ ਗੁਜਰਨਾ ਪਵੇਗਾ। 17 ਤੋਂ 25 ਅਕਤੂਬਰ ਤੱਕ ਨਰਾਤਿਆਂ ਦੇ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਨੇ ਕਰੋਨਾ ਤੋਂ ਬਚਾਅ ਵਾਸਤੇ ਸੁਚਾਰੂ ਢੰਗ ਨਾਲ ਵਿਵਸਥਾ ਕੀਤੀ ਹੈ। ਇਸ ਲਈ ਸਮਾਜਿਕ ਦੂਰੀ ਬਣਾਈ ਰੱਖਣ, ਸੈਨੇਟਾਈਜ਼ੇਸ਼ਨ, ਹੱਥ-ਪੈਰ ਧੋਣ, ਥਰਮਲ ਸਕਰੀਨਿੰਗ ਦੀ ਵਿਵਸਥਾ ਵੀ ਕੀਤੀ ਗਈ ਹੈ। ਇਸ ਤੋਂ ਇਲਾਵਾ ਸ਼ਰਧਾਲੂਆਂ ਲਈ ਮੰਦਰ ’ਚ ਆਉਣ ਤੋਂ ਪਹਿਲਾਂ ਬਿਨਾਂ ਪੈਸੇ ਦਿੱਤੇ ਰੈਪਿਡ ਕੋਵਿਡ ਟੈਸਟ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਬਾਰੇ ਜਾਣਕਾਰੀ ਮਾਤਾ ਮਨਸਾ ਦੇਵੀ ਸਥੱਲ ਬੋਰਡ ਪ੍ਰਧਾਨ ਮੁਕੇਸ਼ ਕੁਮਾਰ ਅਹੂਜਾ ਨੇ ਦਿੱਤੀ। ਉਨ੍ਹਾਂ ਕਿਹਾ ਕਿ ਇਹ ਵਿਵਸਥਾ ਪੰਚਕੂਲਾ, ਕਾਲਕਾ ਅਤੇ ਚੰਡੀਮੰਦਰ ਵਿੱਚ ਲਾਗੂ ਰਹੇਗੀ। ਆਨਲਾਈਨ ਅਤੇ ਆਫ਼ਲਾਈਨ ਪ੍ਰਸ਼ਾਦ ਵਿਵਸਥਾ ਸ਼ਰਧਾਲੂਆਂ ਵਾਸਤੇ ਕੀਤੀ ਗਈ ਹੈ। ਪ੍ਰਧਾਨ ਨੇ ਕਰੋਨਾ ਨੂੰ ਰੋਕਣ ਵਾਸਤੇ ਈ-ਟਿਕਟ ਦੀ ਵਿਵਸਥਾ ਵੀ ਪਹਿਲਾਂ ਤੋਂ ਕਰ ਰੱਖੀ ਹੈ। ਸ਼ਰਧਾਲੂਆਂ ਵੱਲੋਂ ਮੰਦਰ ਵਿੱਚ ਕਿਸੇ ਵੀ ਚੀਜ਼ ਨੂੰ ਹੱਥ ਲਾਉਣ ਦੀ ਮਨਾਹੀ ਹੈ। ਸ਼ਰਧਾਲੂ ਮੰਦਰ ਦੀਆਂ ਪੌੜੀਆਂ ’ਤੇ ਲੱਗੀ ਰੇਲਿੰਗ, ਮੂਰਤੀਆਂ, ਸ਼ਿਵਲਿੰਗ, ਦੀਵਾਰਾਂ, ਜਿਗਜੈਗ, ਗਰਿੱਲ, ਦਰਵਾਜ਼ੇ ਸਮੇਤ ਕਿਸੇ ਵੀ ਸਾਮਾਨ ਨੂੰ ਹੱਥ ਨਹੀਂ ਲਗਾ ਸਕਦੇ।