ਲਖਵਿੰਦਰ ਸਿੰਘ ਬਰਾੜ
ਮਲੋਟ, 28 ਮਾਰਚ
ਵਿਧਾਇਕ ਅਰੁਣ ਨਾਰੰਗ ਦੇ ਮਾਮਲੇ ਵਿੱਚ ਮਲੋਟ ਪੁਲੀਸ ਨੇ ਸੀਸੀਟੀਵੀ ਅਤੇੇ ਹੋਰ ਫੁਟੇਜ ਦੇ ਆਧਾਰ ’ਤੇ ਚਾਰ ਵਿਅਕਤੀਆਂ ਨੂੰ ਫੜਿਆ ਹੈ ਜਦਕਿ 20-25 ਹੋਰ ਵਿਅਕਤੀਆਂ ਦੀ ਸ਼ਨਾਖਤ ਕੀਤੀ ਹੈ ਜੋ ਇਸ ਘਟਨਾਕ੍ਰਮ ਵਿੱਚ ਸ਼ਾਮਲ ਸਨ। ਇਸ ਮਸਲੇ ਵਿੱਚ ਸਥਾਨਕ ਪੁਲੀਸ ਵੱਖ-ਵੱਖ ਪਿੰਡਾਂ ’ਚੋਂ ਕਿਸਾਨਾਂ ਦੀ ਫੜੋ-ਫੜੀ ਕਰ ਰਹੀ ਹੈ। ਪਿੰਡ ਗੁਰੂਸਰ ਯੋਧਾ ਅਤੇ ਮਿੱਡਾ ’ਚੋਂ ਕੁਝ ਵਿਅਕਤੀਆਂ ਨੂੰ ਹਿਰਾਸਤ ’ਚ ਲਿਆ ਗਿਆ ਹੈ। ਇਸ ਦੌਰਾਨ ਕਿਸਾਨ ਆਗੂਆਂ ਵੱਲੋਂ ਆਪਣੇ ਸੋਸ਼ਲ ਮੀਡੀਆ ਗਰੁੱਪਾਂ ਰਾਹੀਂ ਸਵੇਰੇ 9 ਵਜੇ ਬਠਿੰਡਾ ਚੌਕ ਵਿੱਚ ਧਰਨਾ ਦੇਣ ਦਾ ਐਲਾਨ ਕੀਤਾ ਗਿਆ ਹੈ। ਪੁਲੀਸ ਨੇ ਇਸ ਮਾਮਲੇ ’ਚ ਸੱਤ ਕਿਸਾਨ ਆਗੂਆਂ ਸਮੇਤ 250-300 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਧਾਰਾ 307, 353, 186, 188, 332, 342, 506, 148, ਅਤੇ 149 ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸ ਘਟਨਾਕ੍ਰਮ ਦੌਰਾਨ ਜ਼ਖ਼ਮੀ ਹੋਏ ਐੱਸਪੀਐੱਚ ਗੁਰਮੇਲ ਸਿੰਘ ਸਰਕਾਰੀ ਹਸਪਤਾਲ ਮਲੋਟ ਵਿੱਚ ਜੇਰੇ ਇਲਾਜ ਹਨ।