ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 14 ਅਕਤੂਬਰ
ਪੰਜਾਬ ਨੰਬਰਦਾਰਾ ਐਸੋਸੀਏਸ਼ਨ ਦੀ ਸੂਬਾ ਪੱਧਰੀ ਮੀਟਿੰਗ ਅੱਜ ਇਥੇ ਸੂਬਾ ਪ੍ਰਧਾਨ ਪਰਮਿੰਦਰ ਸਿੰਘ ਗਾਲਬਿ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਪਿਛਲੇ ਦਿਨੀਂ ਹੱਕੀ ਮੰਗਾਂ ਦੇ ਸਬੰਧ ’ਚ ਸੰਗਰੂਰ ਵਿੱਚ ਕੀਤੇ ਸ਼ਾਂਤਮਈ ਰੋਸ ਪ੍ਰਦਰਸ਼ਨ ਦੌਰਾਨ ਨੰਬਰਦਾਰਾਂ ਖ਼ਿਲਾਫ਼ ਸਥਾਨਕ ਪੁਲੀਸ ਵੱਲੋਂ ਕੇਸ ਦਰਜ ਕਰਨ ਦੀ ਸਖ਼ਤ ਨਿਖੇਧੀ ਕੀਤੀ ਗਈ। ਜਥੇਬੰਦੀ ਨੇ ਸੂਬਾ ਸਰਕਾਰ ਨੂੰ ਇਹ ਕੇਸ ਫੌਰੀ ਰੱਦ ਕਰਨ ਦੀ ਮੰਗ ਕਰਦਿਆਂ ਚਿਤਾਵਨੀ ਦਿੱਤੀ ਹੈ ਕਿ ਅਜਿਹਾ ਨਾ ਹੋਣ ’ਤੇ 35 ਹਜ਼ਾਰ ਨੰਬਰਦਾਰ ਸੜਕਾਂ ’ਤੇ ਉੱਤਰ ਕੇ ਸੂਬਾ ਪੱਧਰੀ ਰੋਸ ਮੁਜ਼ਾਹਰੇ ਕਰਨਗੇ।
ਸੂਬਾ ਪ੍ਰਧਾਨ ਗਾਲਬਿ ਨੇ ਕਿਹਾ ਕਿ ਸੰਗਰੂਰ ਵਿੱਚ ਲਾਏ ਧਰਨੇ ’ਚ ਨੰਬਰਦਾਰਾਂ ਦੀ ਗਿਣਤੀ ਤੋਂ ਡਰੀ ਸਥਾਨਕ ਪੁਲੀਸ ਝੂਠੇ ਕੇਸ ਦਰਜ ਕਰ ਕੇ ਉਨ੍ਹਾਂ ’ਤੇ ਦਬਾਅ ਪਾਉਣ ਦਾ ਯਤਨ ਕਰ ਰਹੀ ਹੈ। ਪ੍ਰਧਾਨ ਨੇ ਕਿਹਾ ਕਿ ਖ਼ੁਦ ਧਰਨਿਆਂ ਤੇ ਵਿਰੋਧ ਪ੍ਰਦਰਸ਼ਨਾਂ ’ਚੋਂ ਨਿੱਕਲੀ ਆਮ ਆਦਮੀ ਪਾਰਟੀ ਦੀ ਸਰਕਾਰ ਤਾਨਾਸ਼ਾਹੀ ਨਾਲ ਹੁਣ ਨੰਬਰਦਾਰਾਂ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਵੱਲੋਂ ਉਕਤ ਕੇਸ ਤੁਰੰਤ ਰੱਦ ਨਾ ਕੀਤੇ ਗਏ ਤਾਂ ਨੰਬਰਦਾਰਾ ਐਸੋਸੀਏਸ਼ਨ ਦੀ ਸੂਬਾ ਪੱਧਰੀ ਮੀਟਿੰਗ ਕਰ ਕੇ ਸੰਘਰਸ਼ ਦੀ ਅਗਲੀ ਰੂਪ-ਰੇਖਾ ਉਲੀਕੀ ਜਾਵੇਗੀ। ਇਸ ਮੌਕੇ ਸੂਬਾ ਜਨਰਲ ਸਕੱਤਰ ਆਲਮਜੀਤ ਸਿੰਘ ਚਕੋਹੀ, ਖਜ਼ਾਨਚੀ ਰਣਜੀਤ ਸਿੰਘ ਚਾਂਗਲੀ, ਸੁਖਦੇਵ ਸਿੰਘ ਸ੍ਰੀ ਮੁਕਤਸਰ ਸਾਹਿਬ, ਜਗਜੀਤ ਸਿੰਘ ਪਟਿਆਲਾ, ਸੁਖਵਿੰਦਰ ਸਿੰਘ ਅੰਮ੍ਰਿਤਸਰ, ਜਰਨੈਲ ਸਿੰਘ ਕਪੂਰਥਲਾ, ਬਲਵੀਰ ਸਿੰਘ ਮਾਲੇਰਕੋਟਲਾ ਤੇ ਮਹਿੰਦਰ ਸਿੰਘ ਸੰਗਰੂਰ ਹਾਜ਼ਰ ਸਨ।