ਜਸਬੀਰ ਸ਼ੇਤਰਾ
ਜਗਰਾਉਂ, 27 ਮਾਰਚ
ਇਥੇ ਰੇਲਵੇ ਪਾਰਕ ’ਚ ਚੱਲ ਰਹੇ ਕਿਸਾਨ ਸੰਘਰਸ਼ ਮੋਰਚੇ ’ਚ ਅੱਜ ਦੇ ਦਿਨ ਦੇਸ਼ ਦੀ ਆਜ਼ਾਦੀ ਲਈ 1915 ’ਚ ਜਾਨਾਂ ਵਾਰ ਗਏ ਗ਼ਦਰ ਲਹਿਰ ਦੇ ਮਹਾਨ ਸ਼ਹੀਦਾਂ ਕਾਸ਼ੀ ਰਾਮ ਮੜੋਲੀ, ਧਿਆਨ ਸਿੰਘ ਬੰਗਸੀਪੁਰਾ, ਜੀਵਨ ਸਿੰਘ ਦੋਲਾ ਸਿੰਘ ਵਾਲਾ, ਬਖਸ਼ੀਸ਼ ਸਿੰਘ ਖਾਨਪੁਰ ਨੂੰ ਯਾਦ ਕੀਤਾ ਗਿਆ। ਦੋ ਮਿੰਟ ਦਾ ਮੌਨ ਧਾਰ ਕੇ ਗ਼ਦਰੀ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਲੋਕ ਆਗੂ ਕੰਵਲਜੀਤ ਖੰਨਾ ਨੇ ਗ਼ਦਰੀ ਸ਼ਹੀਦਾਂ ਦੀ ਮਸ਼ਾਲ ਨੂੰ ਹੋਰ ਉੱਚੀ ਕਰ ਕੇ ਚੱਲਣ ਦਾ ਸੱਦਾ ਦਿੰਦਿਆਂ ਮਹਾਨ ਇਤਿਹਾਸ ’ਤੇ ਚਾਨਣਾ ਪਾਇਆ। ਇਸ ਸਮੇਂ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਸੀਨੀਅਰ ਐਡਵੋਕੇਟ ਮਹਿੰਦਰ ਸਿੰਘ ਸਿੱਧਵਾਂ ਨੇ ਕਿਸਾਨ ਸੰਘਰਸ਼ ਨੂੰ ਆਜ਼ਾਦੀ ਦੀ ਦੂਜੀ ਲੜਾਈ ਕਰਾਰ ਦਿੰਦਿਆਂ ਪੂਰੇ ਸਬਰ, ਦੂਰਅੰਦੇਸ਼ੀ ਨਾਲ ਅਤੇ ਸੁਚੇਤ ਹੋ ਕੇ ਲੰਮੇ ਸੰਘਰਸ਼ ਨੂੰ ਚਲਾਉਣ ਦਾ ਸੱਦਾ ਦਿੱਤਾ। ਉਨ੍ਹਾਂ ਸਮੁੱਚੀ ਕਿਸਾਨ ਮਜ਼ਦੂਰ ਲਹਿਰ ਨੂੰ ਫੁੱਟਪਾਊ ਸ਼ਕਤੀਆਂ ਤੋਂ ਸੁਚੇਤ ਰਹਿਣ ਦੀ ਵੀ ਅਪੀਲ ਕੀਤੀ। ਇਸ ਸਮੇਂ ਅਵਤਾਰ ਸਿੰਘ ਗਿੱਲ, ਰਾਜਿੰਦਰ ਸਿੰਘ ਫ਼ੌਜੀ, ਪਰਵਾਰ ਸਿੰਘ ਗਾਲਬਿ, ਹਰਭਜਨ ਸਿੰਘ ਦੌਧਰ, ਕੁਲਵਿੰਦਰ ਸਿੰਘ ਢੋਲਣ, ਮਦਨਜੀਤ ਸਿੰਘ ਬਿੱਲੂ, ਹਰਬੰਸ ਸਿੰਘ ਬਾਰਦੇਕੇ ਨੇ ਭਾਰਤ ਬੰਦ ਨੂੰ ਮੁਕੰਮਲ ਤੌਰ ’ਤੇ ਸਫ਼ਲ ਬਣਾਉਣ ’ਚ ਹਰ ਵਰਗ ਵਲੋਂ ਦਿੱਤੇ ਸਹਿਯੋਗ ਲਈ ਉਨ੍ਹਾਂ ਧੰਨਵਾਦ ਕੀਤਾ ਅਤੇ ਮੁਬਾਰਕਬਾਦ ਦਿੱਤੀ। ਉਨ੍ਹਾਂ ਕਿਹਾ ਕਿ ਹੁਣ 29 ਮਾਰਚ ਨੂੰ ਮੋਰਚੇ ਦੇ ਸੱਦੇ ’ਤੇ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਫੂਕੀਆਂ ਜਾਣਗੀਆਂ ਅਤੇ 5 ਅਪਰੈਲ ਨੂੰ ਭਾਰਤੀ ਖੁਰਾਕ ਨਿਗਮ ਦੇ ਦਫ਼ਤਰਾਂ ਦਾ ਘਿਰਾਉ ਕੀਤਾ ਜਾਵੇਗਾ।