ਕੋਲਕਾਤਾ: ਲੋਕ ਸਭਾ ’ਚ ਕਾਂਗਰਸ ਦੇ ਆਗੂ ਅਧੀਰ ਰੰਜਨ ਚੌਧਰੀ ਨੇ ਅੱਜ ਦਾਅਵਾ ਕੀਤਾ ਕਿ 26 ਜਨਵਰੀ ਨੂੰ ਦਿੱਲੀ ਪੁਲੀਸ ਦੀ ਨਾਕਾਮੀ ਕਾਰਨ ਲਾਲ ਕਿਲ੍ਹੇ ’ਤੇ ਹਿੰਸਾ ਤੇ ਗੜਬੜੀ ਹੋਈ ਹੈ। ਉਨ੍ਹਾਂ ਇਹ ਖਦਸ਼ਾ ਵੀ ਪ੍ਰਗਟਾਇਆ ਕਿ ਇਹ ਗੜਬੜੀ ਕੇਂਦਰ ਸਰਕਾਰ ਨੇ ਕਰਵਾਈ ਹੈ ਕਿਉਂਕਿ ਉਹ ਵਿਗੜੇ ਹਾਲਾਤ ਦਾ ਲਾਹਾ ਲੈਣਾ ਚਾਹੁੰਦੀ ਹੈ। ਸ੍ਰੀ ਚੌਧਰੀ ਨੇ ਕਿਹਾ, ‘ਦਿੱਲੀ ਪੁਲੀਸ ਨੇ ਕਿਸਾਨਾਂ ਨੂੰ ਪਰੇਡ ਲਈ ਨਿਰਧਾਰਤ ਰੂਟ ਦਿੱਤੇ ਸਨ ਪਰ ਕਿਸਾਨ ਵੱਖਰੇ ਰੂਟ ’ਤੇ ਚਲੇ ਗਏ ਅਤੇ ਲਾਲ ਕਿਲ੍ਹੇ ਤੱਕ ਪਹੁੰਚ ਗਏ। ਲਾਜ਼ਮੀ ਤੌਰ ’ਤੇ ਇਹ ਦਿੱਲੀ ਪੁਲੀਸ ਤੇ ਹੋਰਨਾਂ ਏਜੰਸੀਆਂ ਦੇ ਖੁਫੀਆ ਤੰਤਰ ਦੀ ਨਾਕਾਮੀ ਹੈ।’ ਉਨ੍ਹਾਂ ਕਿਹਾ ਕਿ ਭਾਜਪਾ ਨੂੰ ਤਾਂ ਹਰ ਮੁੱਦੇ ਨੂੰ ਪਾਕਿਸਤਾਨ ਜਾਂ ਖਾਲਿਸਤਾਨ ਨਾਲ ਜੋੜਨ ਦੀ ਆਦਤ ਹੈ। ਉਨ੍ਹਾਂ ਕਿਹਾ, ‘ਮੈਨੂੰ ਲੱਗਦਾ ਹੈ ਕਿ ਕੇਂਦਰ ਸਰਕਾਰ ਨੇ ਇਹ ਗੜਬੜੀ ਖੁਦ ਹੀ ਹੋਣ ਦਿੱਤੀ ਤਾਂ ਜੋ ਉਹ ਵਿਗੜੇ ਹਾਲਾਤ ਦਾ ਲਾਹਾ ਲੈ ਸਕੇ।’ -ਪੀਟੀਆਈ