ਮੁੰਬਈ: ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਕਾਲੇ ਨੂੰ ਸਫੈਦ ਕਰਨ ਦੇ ਮਾਮਲੇ ਦੀ ਜਾਂਚ ਸਬੰਧੀ ਮਹਾਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਅਤੇ ਉਨ੍ਹਾਂ ਦੇ ਪੁੱਤਰ ਨੂੰ ਸੋਮਵਾਰ ਏਜੰਸੀ ਸਾਹਮਣੇ ਪੇਸ਼ ਹੋਣ ਲਈ ਫਿਰ ਸੰਮਨ ਜਾਰੀ ਕੀਤੇ ਹਨ। ਅਧਿਕਾਰਤ ਸੂਤਰਾਂ ਨੇ ਅੱਜ ਦੱਸਿਆ ਕਿ ਕਾਲਾ ਧਨ ਰੋਕੂ ਕਾਨੂੰਨ (ਪੀਐੱਮਐੱਲਏ) ਦੀਆਂ ਧਾਰਾਵਾਂ ਮੁਤਾਬਕ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਸਿਆਸਤਦਾਨ ਅਨਿਲ ਦੇਸ਼ਮੁਖ (72) ਅਤੇ ਉਨ੍ਹਾਂ ਨੂੰ ਪੁੱਤਰ ਰਿਸ਼ੀਕੇਸ਼ ਨੂੰ 2 ਅਗਸਤ ਨੂੰ ਜਾਂਚ ਅਧਿਕਾਰੀ ਅੱਗੇ ਪੇਸ਼ ਹੋਣ ਲਈ ਆਖਿਆ ਗਿਆ ਹੈ। ਜਾਂਚ ਏਜੰਸੀ ਨੇ ਇਸ ਕੇਸ ’ਚ ਪੁੱਛ ਪੜਤਾਲ ਲਈ ਪਹਿਲਾਂ ਵੀ ਤਿੰਨ ਵਾਰ ਸੰਮਨ ਭੇਜ ਕੇ ਦੇਸ਼ਮੁਖ ਨੂੰ ਤਲਬ ਕੀਤਾ ਪਰ ਉਹ ਪੇਸ਼ ਨਹੀਂ ਹੋਏ ਸਨ। ਉਨ੍ਹਾਂ ਦੀ ਪਤਨੀ ਤੇ ਪੁੱਤਰ ਵੀ ਸੰਮਨ ਭੇਜੇ ਗਏ ਸਨ ਪਰ ਉਹ ਵੀ ਪੇਸ਼ ਨਹੀਂ ਹੋਏ। ਇਹ ਸੰਮਨ ਮਹਾਰਾਸ਼ਟਰ ਪੁਲੀਸ ’ਚ 100 ਕਰੋੜ ਰੁਪਏ ਦੀ ਕਥਿਤ ਰਿਸ਼ਵਤ ਅਤੇ ਜਬਰੀ ਵਸੂਲੀ ਰੈਕਟ ਸਬੰਧੀ ਪੀਐੱਮਐੱਲਏ ਤਹਿਤ ਕੇਸ ’ਚ ਜਾਰੀ ਕੀਤੇ ਗਏ ਸਨ। -ਪੀਟੀਆਈ