ਸਰਬਜੋਤ ਸਿੰਘ ਦੁੱਗਲ
ਕੁਰੂਕਸ਼ੇਤਰ, 30 ਜੁਲਾਈ
ਭਾਰਤੀ ਕਿਸਾਨ ਯੂਨੀਅਨ ਹਰਿਆਣਾ (ਮਾਨ) ਦੇ ਸੂਬਾਈ ਪ੍ਰਧਾਨ ਗੁਨੀ ਪ੍ਰਕਾਸ਼ ਵੱਲੋਂ ਸਿੱਖਾਂ ’ਤੇ ਕੀਤੀ ਇਤਰਾਜ਼ਯੋਗ ਟਿੱਪਣੀ ਦੇ ਮਾਮਲੇ ਵਿੱਚ ਇਤਿਹਾਸਕ ਗੁਰਦੁਆਰਾ ਪਾਤਸ਼ਾਹੀ ਛੇਵੀਂ ਕੁਰੂਕਸ਼ੇਤਰ ਵਿੱਚ ਇੱਕ ਅਗਸਤ ਨੂੰ ਹੋਣ ਵਾਲੀ ਸਿੱਖ ਮਹਾਂ ਪੰਚਾਇਤ ਵਿੱਚ ਅਹਿਮ ਫੈਸਲੇ ਲਏ ਜਾਣਗੇ। ਇਹ ਜਾਣਕਾਰੀ ਸਿੱਖ ਪਰਿਵਾਰ ਹਰਿਆਣਾ ਦੇ ਸੂਬਾਈ ਪ੍ਰਧਾਨ ਕਵਲਜੀਤ ਸਿੰਘ ਅਜਰਾਨਾ ਨੇ ਦਿੱਤੀ। ਉਨ੍ਹਾਂ ਕਿਹਾ ਕਿ ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈਂਦਿਆਂ ਸਿੱਖ ਸੰਗਤ ਨੇ ਆਰ ਪਾਰ ਦੀ ਲੜਾਈ ਲੜਨ ਦਾ ਫੈਸਲਾ ਕਰ ਲਿਆ ਹੈ। ਮਹਾਂ ਪੰਚਾਇਤ ਨੂੰ ਸਫਲ ਬਣਾਉਣ ਲਈ ਅਜਰਾਨਾ ਵੱਲੋਂ ਵੱਖ-ਵੱਖ ਥਾਈਂ ਦੌਰੇ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਉਹ ਸ਼ਾਹਬਾਦ ਅਤੇ ਲਾਡਵਾ ਦੇ ਪਿੰਡਾਂ ਵਿੱਚ ਪਹੁੰਚੇ। ਉਨ੍ਹਾਂ ਕਿਹਾ ਕਿ ਟੀਮ ਨੇ ਸ਼ਰੀਫਗੜ੍ਹ, ਮਛਰੌਲੀ, ਬਕਾਲਾ, ਨਿਵਾਰਸੀ, ਗਿਰਧਾਰਪੁਰਾ, ਸੌਂਟੀ, ਲੋਹਾਰਾ ਪਿੰਡਾਂ ਦੇ ਲੋਕਾਂ ਨੂੰ ਮਹਾਂਪੰਚਾਇਤ ਲਈ ਸੱਦਾ ਦਿੰਦੇ ਹੋਏ ਗੁਨੀ ਪ੍ਰਕਾਸ਼ ਵੱਲੋਂ ਕੀਤੀ ਗਈ ਇਤਰਾਜ਼ਯੋਗ ਟਿੱਪਣੀ ’ਤੇ ਇਸ ਦਾ ਬਾਈਕਾਟ ਕਰਨ ਦੀ ਅਪੀਲ ਕੀਤੀ। ਅੰਤਰਰਾਸ਼ਟਰੀ ਕਥਾਵਾਚਕ ਗਿਆਨੀ ਤੇਜਪਾਲ ਸਿੰਘ ਨੇ ਕਿਹਾ ਕਿ ਜੇ ਮੁਲਜ਼ਮਾਂ ਖਿਲਾਫ ਕਾਰਵਾਈ ਨਾ ਕੀਤੀ ਗਈ ਤਾਂ ਸਿੱਖ ਮਹਾਪੰਚਾਇਤ ਵਿੱਚ ਅੰਦੋਲਨ ਦੀ ਰੂਪਰੇਖਾ ਤਿਆਰ ਕਰਕੇ ਲੜਾਈ ਲੜੀ ਜਾਵੇਗੀ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਕੁਰੂਕਸ਼ੇਤਰ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਤਜਿੰਦਰ ਸਿੰਘ ਮੱਕੜ, ਡਾ. ਗੁਰਦੀਪ ਸਿੰਘ, ਪ੍ਰਗਟ ਸਿੰਘ, ਪ੍ਰਦੀਪ ਸਿੰਘ, ਗੁਰਮੇਲ ਸਿੰਘ, ਬਲਦੇਵ ਸਿੰਘ ਹਾਜ਼ਰ ਸਨ।
ਕੇਸ ਦਰਜ ਕਰਨ ਲਈ ਸੰਗਤ ਐੱਸਪੀ ਨੂੰ ਮਿਲੀ
ਇਸ ਸਬੰਧੀ ਅੱਜ ਸਿੱਖ ਸੰਗਤ ਇੱਕ ਵਾਰ ਫਿਰ ਐੱਸਪੀ ਨੂੰ ਮਿਲੀ। ਪੁਲੀਸ ਸੁਪਰਡੈਂਟ ਨੂੰ ਮਿਲਣ ਤੋਂ ਬਾਅਦ ਸਿੱਖ ਸੰਗਤ ਨੇ ਸਮੁੱਚੇ ਮਾਮਲੇ ਬਾਰੇ ਜਾਣਕਾਰੀ ਦਿੱਤੀ ਅਤੇ ਮੁਲਜ਼ਮਾਂ ਵਿਰੁੱਧ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ। ਐੱਸਪੀ ਨੇ ਸਿੱਖ ਸੰਗਤ ਨੂੰ ਭਰੋਸਾ ਦਿੱਤਾ ਹੈ ਕਿ ਗੁਨੀ ਪ੍ਰਕਾਸ਼ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।