ਨਵੀਂ ਦਿੱਲੀ, 28 ਜਨਵਰੀ
ਵਿਅਕਤੀਗਤ ਸਿਹਤ ਸੇਵਾ ਦੀ ਤਰੱਕੀ ਨੂੰ ਲੈ ਕੇ ਹਾਲ ਹੀ ’ਚ ਜਾਰੀ ਕੀਤੀ ਗਈ ਏਸ਼ੀਆ-ਪ੍ਰਸ਼ਾਂਤ ਦੇ 11 ਦੇਸ਼ਾਂ ਦੀ ਸੂਚੀ ’ਚ ਭਾਰਤ 10ਵੇਂ ਸਥਾਨ ’ਤੇ ਰਿਹਾ। ਇਕੌਨਮਿਸਟ ਇੰਟੈਲੀਜੈਂਸ ਯੂਨਿਟ (ਈਆਈਯੂ) ਨੇ ਆਪਣੀ ਏਸ਼ੀਆ-ਪ੍ਰਸ਼ਾਂਤ ਵਿਅਕਤੀਗਤ ਸਿਹਤ ਸੂਚੀ ਰਿਪੋਰਟ ’ਚ ਇਸ ਖੇਤਰ ਦੇ 11 ਮੁਲਕਾਂ ਦੀ ਸਿਹਤ ਸੇਵਾ ਨਾਲ ਸਬੰਧਤ ਤਿਆਰੀਆਂ ਦਾ ਜਾਇਜ਼ਾ ਲਿਆ। ਇਨ੍ਹਾਂ ਮੁਲਕਾਂ ’ਚ ਆਸਟਰੇਲੀਆ, ਚੀਨ, ਜਪਾਨ, ਭਾਰਤ, ਇੰਡੋਨੇਸ਼ੀਆ, ਮਲੇਸ਼ੀਆ, ਸਿੰਗਾਪੁਰ, ਦੱਖਣੀ ਕੋਰੀਆ, ਤਾਇਵਾਨ, ਥਾਈਲੈਂਡ ਅਤੇ ਨਿਊਜ਼ੀਲੈਂਡ ਸ਼ਾਮਲ ਹੈ। ਇਸ ਦੌਰਾਨ ਸਹੀ ਸਮੇਂ ’ਤੇ ਸਹੀ ਵਿਅਕਤੀ ਨੂੰ ਢੁੱਕਵੀਂ ਸਿਹਤ ਸੇਵਾ ਮੁਹੱਈਆ ਕਰਨ ਬਾਰੇ ਮੁਲਾਂਕਣ ਕੀਤਾ ਗਿਆ। ਰਿਪੋਰਟ ਅਨੁਸਾਰ ਸਿਹਤ ਸੂਚਨਾ ਤਹਿਤ ਭਾਰਤ 41 ਅੰਕਾਂ ਨਾਲ 10ਵੇਂ ਸਥਾਨ ’ਤੇ ਰਿਹਾ ਜਦਕਿ ਸਿਹਤ ਸੇਵਾਵਾਂ ਤਹਿਤ ਭਾਰਤ 24 ਅੰਕਾਂ ਨਾਲ 11ਵੇਂ ਸਥਾਨ ’ਤੇ ਰਿਹਾ। ਇਸੇ ਤਰ੍ਹਾਂ ਵਿਅਕਤੀਗਤ ਤਕਨੀਕ ਤਹਿਤ ਭਾਰਤ 30 ਅੰਕਾਂ ਨਾਲ 9ਵੇਂ ਸਥਾਨ ਜਦਕਿ ਨੀਤੀ ਸੰਦਰਭ ਤਹਿਤ ਭਾਰਤ 48 ਅੰਕਾਂ ਨਾਲ ਪੰਜਵੇਂ ਸਥਾਨ ’ਤੇ ਰਿਹਾ। ਇਸ ਸੂਚੀ ’ਚ ਪਹਿਲੇ ਸਥਾਨ ’ਤੇ ਸਿੰਗਾਪੁਰ ਜਦਕਿ ਆਖਰੀ ਸਥਾਨ ’ਤੇ ਇੰਡੋਨੇਸ਼ੀਆ ਰਿਹਾ। -ਪੀਟੀਆਈ