ਨਵੀਂ ਦਿੱਲੀ, 30 ਜੂਨ
ਇਥੋਂ ਦੀ ਅਦਾਲਤ ਨੇ ਉੱਤਰ-ਪੂਰਬੀ ਦਿੱਲੀ ’ਚ ਹੋਈ ਹਿੰਸਾ ਨਾਲ ਸਬੰਧਤ ਹੱਤਿਆ ਦੇ ਕੇਸ ’ਚ ਸੱਤ ਮੁਲਜ਼ਮਾਂ ਨੂੰ ਜ਼ਮਾਨਤ ਦਿੰਦਿਆਂ ਕਿਹਾ ਹੈ ਕਿ ਉਨ੍ਹਾਂ ਨੂੰ ਮੁਕੱਦਮੇ ਦਾ ਫ਼ੈਸਲਾ ਹੋਣ ਤੱਕ ਬੰਦੀ ਬਣਾ ਕੇ ਨਹੀਂ ਰੱਖਿਆ ਜਾ ਸਕਦਾ ਹੈ ਜਿਸ ’ਚ ਕੋਵਿਡ ਮਹਾਮਾਰੀ ਕਾਰਨ ਦੇਰੀ ਦੀ ਸੰਭਾਵਨਾ ਹੈ।
ਇਹ ਕੇਸ ਪਿਛਲੇ ਸਾਲ 24 ਫਰਵਰੀ ਨੂੰ ਹੋਏ ਫਿਰਕੂ ਦੰਗਿਆਂ ਦੌਰਾਨ ਦਿੱਲੀ ਦੇ ਬ੍ਰਹਮਪੁਰੀ ਇਲਾਕੇ ’ਚ ਵਿਨੋਦ ਕੁਮਾਰ ਦੀ ਕਥਿਤ ਹੱਤਿਆ ਨਾਲ ਸਬੰਧਤ ਹੈ। ਇਸ ਕੇਸ ’ਚ ਕੁੱਲ 12 ਵਿਅਕਤੀਆਂ ਨੂੰ ਮੁਲਜ਼ਮ ਠਹਿਰਾਇਆ ਗਿਆ ਹੈ। ਵਧੀਕ ਸੈਸ਼ਨ ਜੱਜ ਅਮਿਤਾਭ ਰਾਵਤ ਨੇ ਮੁਲਜ਼ਮਾਂ ਦੇ ਇਕ ਸਾਲ ਤੋਂ ਜ਼ਿਆਦਾ ਸਮੇਂ ਤੱਕ ਨਿਆਂਇਕ ਹਿਰਾਸਤ ’ਚ ਰਹਿਣ ਦਾ ਨੋਟਿਸ ਲੈਂਦਿਆਂ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ।
ਅਦਾਲਤ ਨੇ ਸਗੀਰ ਅਹਿਮਦ, ਨਾਵੇਦ ਖ਼ਾਨ, ਜਾਵੇਦ ਖ਼ਾਨ, ਅਰਸ਼ਦ, ਗੁਲਜ਼ਾਰ, ਮੁਹੰਮਦ ਇਮਰਾਨ ਅਤੇ ਚਾਂਦ ਬਾਬੂ ਨੂੰ 20-20 ਹਜ਼ਾਰ ਰੁਪਏ ਦੇ ਨਿੱਜੀ ਬਾਂਡ ਅਤੇ ਇੰਨੀ ਹੀ ਰਕਮ ਦੀ ਜਾਮਨੀ ਭਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੂੰ ਕਿਸੇ ਵੀ ਅਪਰਾਧਕ ਸਰਗਰਮੀ ’ਚ ਸ਼ਾਮਲ ਨਾ ਹੋਣ, ਅਦਾਲਤ ਦੀ ਇਜਾਜ਼ਤ ਤੋਂ ਬਿਨਾਂ ਦਿੱਲੀ-ਐੱਨਸੀਆਰ ਛੱਡ ਕੇ ਨਾ ਜਾਣ ਅਤੇ ਸਬੂਤਾਂ ਨਾਲ ਛੇੜਖਾਨੀ ਨਾ ਕਰਨ ਦੀ ਹਦਾਇਤ ਵੀ ਦਿੱਤੀ ਗਈ ਹੈ। -ਪੀਟੀਆਈ