ਨਵੀਂ ਦਿੱਲੀ, 30 ਜੁਲਾਈ
ਕਾਂਗਰਸ ਦੇ ਸੀਨੀਅਰ ਆਗੂ ਤੇ ਸੂਚਨਾ ਤਕਨੀਕ ਸਬੰਧੀ ਸੰਸਦ ਦੀ ਸਥਾਈ ਕਮੇਟੀ ਦੇ ਚੇਅਰਮੈਨ ਸ਼ਸ਼ੀ ਥਰੂਰ ਨੇ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੂੰ ਅਪੀਲ ਕੀਤੀ ਹੈ ਕਿ ਕਮੇਟੀ ਦੀ ਮੀਟਿੰਗ ’ਚ ਸ਼ਾਮਲ ਹੋਣ ਤੋਂ ਆਖਰੀ ਪਲਾਂ ’ਚ ਇਨਕਾਰ ਕਰਨ ਵਾਲੇ ਅਧਿਕਾਰੀਆਂ ਖਿਲਾਫ਼ ਕਾਰਵਾਈ ਕੀਤੀ ਜਾਵੇ ਕਿਉਂਕਿ ਇਹ ਸਦਨ ਦੀ ਹੱਤਕ ਦਾ ਮਾਮਲਾ ਬਣਦਾ ਹੈ। ਕਮੇਟੀ ਨੇ ਇਲੈਕਟ੍ਰੋਨਿਕਸ ਤੇ ਸੂਚਨਾ ਤਕਨੀਕ ਮੰਤਰਾਲੇ, ਗ੍ਰਹਿ ਮੰਤਰਾਲੇ ਤੇ ਸੰਚਾਰ ਮੰਤਰਾਲੇ ਦੇ ਅਧਿਕਾਰੀਆਂ ਨੂੰ ਨਾਗਰਿਕਾਂ ਦੇ ਅੰਕੜਿਆਂ ਦੀ ਸੁਰੱਖਿਆ ਤੇ ਨਿੱਜਤਾ ਵਿਸ਼ੇ ’ਤੇ ਸਵਾਲ ਜਵਾਬ ਲਈ ਤਲਬ ਕੀਤਾ ਸੀ। ਥਰੂਰ ਨੇ ਬਿਰਲਾ ਨੂੰ ਲਿਖੇ ਪੱਤਰ ’ਚ ਕਿਹਾ ਕਿ ਕਮੇਟੀ ਤੋਂ ਠੀਕ ਪਹਿਲਾਂ ਉਨ੍ਹਾਂ ਨੂੰ ਸਕੱਤਰੇਤ ਦੀ ਕਮੇਟੀ ਸਬੰਧੀ ਬ੍ਰਾਂਚ ਤੋਂ ਸੂਚਨਾ ਮਿਲੀ ਕਿ ਤਿੰਨੋਂ ਮੰਤਰਾਲਿਆਂ/ਵਿਭਾਗਾਂ ਵੱਲੋਂ 28 ਜੁਲਾਈ ਨੂੰ ਈਮੇਲ ਆਈ ਸੀ ਕਿ ਉਨ੍ਹਾਂ ਦੇ ਨੁਮਾਇੰਦੇ ਕਮੇਟੀ ਸਾਹਮਣੇ ਪੇਸ਼ ਨਹੀਂ ਹੋ ਸਕਣਗੇ।
ਉਧਰ ਭਾਜਪਾ ਦੇ ਸੰਸਦ ਮੈਂਬਰ ਅਤੇ ਸੰਸਦ ਦੀ ਸੂਚਨਾ ਤਕਨੀਕ ਕਮੇਟੀ ਦੇ ਮੈਂਬਰ ਨਿਸ਼ੀਕਾਂਤ ਦੂਬੇ ਨੇ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਤੋਂ ਕਮੇਟੀ ਦੇ ਚੇਅਰਮੈਨ ਸ਼ਸ਼ੀ ਥਰੂਰ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ ਹੈ। ਦੂਬੇ ਨੇ ਕਿਹਾ ਕਿ ਜੇ ਥਰੂਰ ਨੂੰ ਅਹੁਦੇ ਤੋਂ ਨਾ ਹਟਾਇਆ ਗਿਆ ਤਾਂ ਉਹ ਬੇਤੁਕੇ ਮੁੱਦੇ ਉਠਾਉਂਦੇ ਰਹਿਣਗੇ। -ਪੀਟੀਆਈ